Daily Suraj

ਪੰਜਾਬੀ

PM ਮੋਦੀ ਨੇ ਦੇਸ਼ ਦੀ ਪਹਿਲੀ “ਵੰਦੇ ਭਾਰਤ” ਸਲੀਪਰ ਟ੍ਰੇਨ ਨੂੰ ਦਿਖਾਈ ਹਰੀ ਝੰਡੀ

17 Jan, 2026 03:21 PM

ਜਾਣੋ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਰੇਲਗੱਡੀ ਦਾ ਕਿਰਾਇਆ ਅਤੇ ਹੋਰ ਵੇਰਵੇ ਚੰਡੀਗੜ੍ਹ, ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਅੱਜ ਤੋਂ ਪਟੜੀਆਂ ‘ਤੇ ਦੌੜਨ ਲੱਗ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਦੇ ਮਾਲਦਾ ਟਾਊਨ ਰੇਲਵੇ ਸਟੇਸ਼ਨ ਤੋਂ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਹਾਵੜਾ ਤੋਂ ਗੁਹਾਟੀ ਵਿਚਕਾਰ ਚੱਲੇਗੀ। ਪੀਐਮ ਮੋਦੀ ਨੇ ਟ੍ਰੇਨ ਡਰਾਈਵਰ ਨਾਲ ਵੀ ਮੁਲਾਕਾਤ ਕੀਤੀ ਅਤੇ ਇਸ ਬਾਰੇ ਜਾਣਿਆ। ਪ੍ਰਧਾਨ ਮੰਤਰੀ ਨੇ ਟ੍ਰੇਨ ਵਿੱਚ ਸਵਾਰ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਇਹ ਰੇਲਗੱਡੀ ਹਾਵੜਾ-ਗੁਹਾਟੀ ਰੂਟ ‘ਤੇ ਯਾਤਰਾ ਦੇ ਸਮੇਂ ਨੂੰ ਲਗਭਗ 2.5 ਘੰਟੇ ਘਟਾ ਦੇਵੇਗੀ। ਵਰਤਮਾਨ ਵਿੱਚ, ਹਾਵੜਾ ਤੋਂ ਗੁਹਾਟੀ ਤੱਕ ਰੇਲਗੱਡੀ ਰਾਹੀਂ ਯਾਤਰਾ ਕਰਨ ਵਿੱਚ ਲਗਭਗ 18 ਘੰਟੇ ਲੱਗਦੇ ਹਨ। ਇਸ ਸਲੀਪਰ ਦੇ ਨਾਲ AC1, AC2 ਅਤੇ AC3 ਕੋਚ ਵੀ ਸ਼ਾਮਲ ਹੋਣਗੇ। ਇਹ ਰੇਲਗੱਡੀ 180 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ। ਇਹ ਸੰਤਰੀ ਅਤੇ ਭੂਰੀ ਰੰਗ ਦੀ ਰੇਲਗੱਡੀ ਪੂਰਬੀ ਭਾਰਤ ਅਤੇ ਉੱਤਰ-ਪੂਰਬ ਵਿਚਕਾਰ ਰੇਲ ਸੰਪਰਕ ਨੂੰ ਬਿਹਤਰ ਬਣਾਏਗੀ। ਇਹ ਰੇਲਗੱਡੀ ਯਾਤਰੀਆਂ ਨੂੰ ਏਅਰਲਾਈਨ ਵਰਗੀ ਸਹੂਲਤ ਪ੍ਰਦਾਨ ਕਰੇਗੀ। ਇਸ ਵਿੱਚ ਆਧੁਨਿਕ ਸਹੂਲਤਾਂ, ਬਿਹਤਰ ਸੁਰੱਖਿਆ ਅਤੇ ਤੇਜ਼ ਯਾਤਰਾ ਹੋਵੇਗੀ। ਇਹ ਉੱਤਰ-ਪੂਰਬ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਤੋਹਫ਼ਾ ਹੈ।ਯਾਤਰੀਆਂ ਦੀ ਸਹੂਲਤ ਲਈ ਇਸ ਸੈਮੀ-ਹਾਈ ਸਪੀਡ ਵੰਦੇ ਭਾਰਤ ਸਲੀਪਰ ਟ੍ਰੇਨ ਵਿੱਚ ਕੁੱਲ 16 ਕੋਚ ਲਗਾਏ ਗਏ ਹਨ, ਜਿਸ ਵਿੱਚ 1128 ਯਾਤਰੀਆਂ ਨੂੰ ਲਿਜਾਣ ਦੀ ਸਮਰੱਥਾ ਹੈ। ਇਸ ਵਿੱਚ 11 ਏਸੀ-3 ਟੀਅਰ ਕੋਚ (ਕਿਰਾਇਆ ਲਗਭਗ ₹2,300), 4 ਏਸੀ-2 ਟੀਅਰ ਕੋਚ (ਕਿਰਾਇਆ ਲਗਭਗ ₹3,000) ਅਤੇ 1 ਫਸਟ ਏਸੀ ਕੋਚ (ਕਿਰਾਇਆ ਲਗਭਗ ₹3,600) ਸ਼ਾਮਲ ਹਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਵਿੱਚ ₹3,250 ਕਰੋੜ ਤੋਂ ਵੱਧ ਦੇ ਰੇਲ ਅਤੇ ਸੜਕ ਪ੍ਰੋਜੈਕਟਾਂ ਦਾ ਉਦਘਾਟਨਕੀਤਾ। ਉਨ੍ਹਾਂ ਨੇ ਚਾਰ ਅੰਮ੍ਰਿਤ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਵਰਚੁਅਲੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜੋ ਉੱਤਰੀ ਬੰਗਾਲ ਦੇ ਨਿਊ ਜਲਪਾਈਗੁੜੀ ਅਤੇ ਅਲੀਪੁਰਦੁਆਰ ਨੂੰ ਭਾਰਤ ਦੇ ਹੋਰ ਹਿੱਸਿਆਂ ਨਾਲ ਜੋੜਨਗੀਆਂ।

Posted By: Daily Suraj Bureau

Latest News