Daily Suraj

ਪੰਜਾਬੀ

ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਰਾਹਤ, ਮੋਬਾਈਲ ਰੱਖਣ ਲਈ ਵਿਅਕਤਿਗਤ ਲਾਕਰ ਸੇਵਾ

17 Jun, 2025 09:31 PM

ਚੰਡੀਗੜ੍ਹ : ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ’ਤੇ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਪ੍ਰਸ਼ਾਸਨ ਨੇ ਵੋਟਰਾਂ ਲਈ ਇਕ ਵੱਖਰੀ ਸਹੂਲਤ ਦੇਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੋਟ ਪਾਉਣ ਲਈ ਆਉਣ ਵਾਲੇ ਵੋਟਰ ਪੋਲਿੰਗ ਸਟੇਸ਼ਨਾਂ ਦੇ ਬਾਹਰ ਨਿਰਧਾਰਤ ਕਾਊਂਟਰਾਂ ’ਤੇ ਆਪਣੇ ਮੋਬਾਈਲ ਫ਼ੋਨ ਜਮ੍ਹਾ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਕਾਊਂਟਰ ਚੋਣ ਕਮਿਸ਼ਨ (ਈ.ਸੀ.ਆਈ.) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜੂਟ ਜਾਂ ਕੱਪੜੇ ਦੇ ਬੈਗ ਮੋਬਾਈਲ ਹੋਲਡਰਾਂ ਦੀ ਵਰਤੋਂ ਕਰਦੇ ਹੋਏ ਸਿਖਲਾਈ ਪ੍ਰਾਪਤ ਵਲੰਟੀਅਰਾਂ ਵੱਲੋਂ ਸੰਭਾਲੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਹੂਲਤ ਸਾਰੇ ਵੋਟਰਾਂ ਖਾਸ ਕਰਕੇ ਔਰਤਾਂ, ਸੀਨੀਅਰ ਨਾਗਰਿਕਾਂ ਅਤੇ ਦਿਵਿਆਂਗ ਵਿਅਕਤੀਆਂ ਲਈ ਤਿਆਰ ਕੀਤੀ ਗਈ ਹੈ, ਜਿਨ੍ਹਾਂ ਨੂੰ ਅਕਸਰ ਵੋਟਿੰਗ ਦੌਰਾਨ ਮੋਬਾਈਲ ਫੋਨਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਫ਼ੋਨਾਂ ਨੂੰ ਪੋਲਿੰਗ ਸਟੇਸ਼ਨਾਂ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ, ਕਿਉਂਕਿ ਚੋਣ ਪ੍ਰਕਿਰਿਆ ਦੀ ਗੁਪਤਤਾ ਅਤੇ ਮਰਿਆਦਾ ਬਣਾਈ ਰੱਖਣ ਲਈ 100 ਮੀਟਰ ਦੇ ਘੇਰੇ ਅੰਦਰ ਬੰਦ ਰੱਖੇ ਜਾਣੇ ਚਾਹੀਦੇ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ, ‘‘ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਮੋਬਾਈਲ ਫ਼ੋਨ ਜਮ੍ਹਾ ਕਰਾਉਣ ਦੀ ਸਹੂਲਤ ਲਾਗੂ ਕਰਨਾ ਸਾਡੇ ਵੋਟਰਾਂ ਦੀ ਸਹੂਲਤ ਨੂੰ ਬਿਹਤਰ ਬਣਾਉਣ ਦੇ ਸਾਡੇ ਵਿਆਪਕ ਯਤਨਾਂ ਦਾ ਹਿੱਸਾ ਹੈ, ਜਦੋਂ ਕਿ ਵੋਟਿੰਗ ਦੀ ਗੁਪਤਤਾ ਵੀ ਬਣਾਈ ਰੱਖੀ ਜਾ ਰਹੀ ਹੈ।’’

ਉਨ੍ਹਾਂ ਦੱਸਿਆ ਕਿ ਇਹ ਸਹੂਲਤ ਜ਼ਿਮਨੀ ਚੋਣ ਲਈ ਸਥਾਪਤ ਕੀਤੇ ਗਏ ਸਾਰੇ 194 ਪੋਲਿੰਗ ਸਟੇਸ਼ਨਾਂ ’ਤੇ ਇਕਸਾਰ ਰੂਪ ਵਿੱਚ ਲਾਗੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਮ੍ਹਾ ਕੀਤੇ ਗਏ ਮੋਬਾਈਲ ਫ਼ੋਨਾਂ ਨੂੰ ਵੋਟ ਪਾਉਣ ਤੋਂ ਬਾਅਦ ਸੁਰੱਖਿਅਤ ਵਾਪਸ ਕਰਨ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਲੁਧਿਆਣਾ ਪੱਛਮੀ ਸੀਟ ਲਈ ਵੋਟਾਂ19 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਗਿਣਤੀ 23 ਜੂਨ ਨੂੰ ਹੋਵੇਗੀ।

#LudhianaBypoll #MobileDeposit #VoterFacility #ECIInitiative #PunjabElections #PollingStationRules #SecureVoting #IndianDemocracy #VoteResponsibly #LudhianaWestBypoll



Posted By: Daily Suraj Bureau

Latest News