Daily Suraj

ਪੰਜਾਬੀ

ਜ਼ਬਰਦਸਤੀ ਧਰਮ ਪਰਿਵਰਤਨ ਦੇ ਮਾਮਲਿਆਂ ‘ਤੇ ਕਰਾਚੀ ਵਿੱਚ ਵਿਰੋਧ ਤੇ ਚਿੰਤਾ

01 Apr, 2026 04:22 PM

ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਈਸਾਈ ਭਾਈਚਾਰੇ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਵੱਲੋਂ ਇੱਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਨਾਬਾਲਗ ਕੁੜੀਆਂ ਦੇ ਜ਼ਬਰਦਸਤੀ ਵਿਆਹ ਅਤੇ ਧਰਮ ਪਰਿਵਰਤਨ ਦੇ ਵਧ ਰਹੇ ਮਾਮਲਿਆਂ ‘ਤੇ ਗੰਭੀਰ ਚਿੰਤਾ ਜਤਾਈ ਗਈ। ਇਹ ਜਾਣਕਾਰੀ ਇੱਕ ਪ੍ਰਮੁੱਖ ਘੱਟ ਗਿਣਤੀ ਅਧਿਕਾਰ ਸੰਸਥਾ ਵੱਲੋਂ ਬੁੱਧਵਾਰ ਨੂੰ ਦਿੱਤੀ ਗਈ। ਵੌਇਸ ਆਫ਼ ਪਾਕਿਸਤਾਨ ਮਾਈਨੋਰਿਟੀ (ਵੀਓਪੀਐਮ) ਮੁਤਾਬਕ, 29 ਮਾਰਚ ਨੂੰ ਨੈਸ਼ਨਲ ਕ੍ਰਿਸ਼ਚੀਅਨ ਪਾਰਟੀ, ਗਵਾਹੀ ਮਿਸ਼ਨ ਟਰੱਸਟ ਅਤੇ ਹੋਰ ਸਿਵਲ ਸਮਾਜਿਕ ਸੰਸਥਾਵਾਂ ਵੱਲੋਂ ਇਹ ਪ੍ਰਦਰਸ਼ਨ ਆਯੋਜਿਤ ਕੀਤਾ ਗਿਆ। ਇਸ ਵਿੱਚ ਕਰਾਚੀ ਭਰ ਤੋਂ ਪਰਿਵਾਰਾਂ ਅਤੇ ਧਾਰਮਿਕ ਆਗੂਆਂ ਨੇ ਭਾਗ ਲਿਆ। ਪ੍ਰਦਰਸ਼ਨਕਾਰੀਆਂ ਨੇ “ਸਾਡੀਆਂ ਧੀਆਂ ਦੀ ਰੱਖਿਆ ਕਰੋ” ਵਰਗੇ ਨਾਅਰੇ ਲਗਾਏ। ਅਧਿਕਾਰ ਸੰਸਥਾ ਨੇ ਦੋਸ਼ ਲਗਾਇਆ ਕਿ ਨਾਬਾਲਗ ਕੁੜੀਆਂ, ਜਿਨ੍ਹਾਂ ਵਿੱਚੋਂ ਕੁਝ ਬਹੁਤ ਛੋਟੀ ਉਮਰ ਦੀਆਂ ਹਨ, ਨੂੰ ਅਗਵਾ ਕਰਕੇ ਉਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੀ ਵਿਆਹ ਵੱਡੀ ਉਮਰ ਦੇ ਮਰਦਾਂ ਨਾਲ ਕਰ ਦਿੱਤੀ ਜਾਂਦੀ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਇਹ ਘਟਨਾਵਾਂ ਨਾ ਸਿਰਫ਼ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹਨ, ਸਗੋਂ ਬਚਪਨ ਦੀ ਮੂਲ ਧਾਰਨਾ ‘ਤੇ ਵੀ ਸਿੱਧਾ ਅਸਰ ਪਾਉਂਦੀਆਂ ਹਨ। ਵੀਓਪੀਐਮ ਦੇ ਇੱਕ ਬੁਲਾਰੇ ਦੇ ਹਵਾਲੇ ਨਾਲ ਕਿਹਾ ਗਿਆ ਕਿ ਭਾਈਚਾਰਾ ਸ਼ਾਂਤੀਪੂਰਨ ਹੈ, ਪਰ ਕੁੜੀਆਂ ਹਮੇਸ਼ਾਂ ਡਰ ਦੇ ਸਾਏ ਹੇਠ ਜੀਵਨ ਬਿਤਾਉਂਦੀਆਂ ਹਨ—ਅਗਵਾ ਹੋਣ ਅਤੇ ਕਦੇ ਵਾਪਸ ਨਾ ਆਉਣ ਦਾ ਡਰ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੌਜੂਦਾ ਕਾਨੂੰਨਾਂ ਨੂੰ ਕੜਾਈ ਨਾਲ ਲਾਗੂ ਕੀਤਾ ਜਾਵੇ, ਕਾਨੂੰਨੀ ਖਾਮੀਆਂ ਨੂੰ ਦੂਰ ਕਰਦੇ ਹੋਏ ਨਵੇਂ ਅਤੇ ਮਜ਼ਬੂਤ ਕਾਨੂੰਨ ਬਣਾਏ ਜਾਣ, ਅਤੇ ਹਰ ਨਾਗਰਿਕ ਲਈ ਸੁਰੱਖਿਆ, ਵਿਸ਼ਵਾਸ ਅਤੇ ਸਨਮਾਨ ਦੇ ਅਧਿਕਾਰ ਨੂੰ ਯਕੀਨੀ ਬਣਾਇਆ ਜਾਵੇ, ਭਾਵੇਂ ਉਸਦਾ ਧਰਮ ਕੋਈ ਵੀ ਹੋਵੇ। ਵੀਓਪੀਐਮ ਨੇ ਇਹ ਵੀ ਦਰਸਾਇਆ ਕਿ ਹਾਲ ਹੀ ਵਿੱਚ ਪਾਕਿਸਤਾਨ ਦੀ ਇੱਕ ਅਦਾਲਤ ਦੇ ਵਿਵਾਦਿਤ ਫੈਸਲੇ ਨੇ ਚਿੰਤਾ ਨੂੰ ਹੋਰ ਵਧਾਇਆ ਹੈ। ਇਸ ਫੈਸਲੇ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਕੀਤੀ ਗਈ 13 ਸਾਲਾ ਈਸਾਈ ਕੁੜੀ ਮਾਰੀਆ ਦਾ ਵਿਆਹ ਇੱਕ ਮੁਸਲਿਮ ਵਿਅਕਤੀ ਨਾਲ ਮਨਜ਼ੂਰ ਕੀਤਾ ਗਿਆ, ਜਿਸ ‘ਤੇ ਉਸਨੂੰ ਅਗਵਾ ਕਰਨ ਦੇ ਦੋਸ਼ ਲਗੇ ਸਨ। ਇੱਕ ਭਾਗੀਦਾਰ ਨੇ ਸਵਾਲ ਉਠਾਇਆ ਕਿ ਜਦੋਂ ਇੱਕ ਬੱਚਾ ਕਾਨੂੰਨੀ ਤੌਰ ‘ਤੇ ਆਪਣਾ ਪਛਾਣ ਪੱਤਰ ਵੀ ਪ੍ਰਾਪਤ ਨਹੀਂ ਕਰ ਸਕਦਾ, ਤਾਂ ਉਹ ਧਰਮ ਪਰਿਵਰਤਨ ਜਾਂ ਵਿਆਹ ਜਿਹੇ ਫੈਸਲੇ ਲੈਣ ਲਈ ਕਿਵੇਂ ਸਮਰੱਥ ਮੰਨਿਆ ਜਾ ਸਕਦਾ ਹੈ। ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਦੀ ਸੰਘੀ ਸੰਵਿਧਾਨਕ ਅਦਾਲਤ ਦੇ ਮੁੱਖ ਨਿਆਂਧੀਸ਼ ਨੂੰ ਇਸ ਫੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ, ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਤੁਰੰਤ ਹਸਤਖੇਪ ਕਰਨ ਲਈ ਵੀ ਕਿਹਾ ਗਿਆ ਹੈ। ਕਾਨੂੰਨੀ ਸੁਧਾਰਾਂ ਦੇ ਨਾਲ-ਨਾਲ ਪ੍ਰਦਰਸ਼ਨਕਾਰੀਆਂ ਨੇ ਸਮਾਜਿਕ ਏਕਤਾ ਦੀ ਅਪੀਲ ਕਰਦੇ ਹੋਏ ਕਿਹਾ ਕਿ ਮੁਸਲਿਮ, ਈਸਾਈ, ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਮਿਲ ਕੇ ਬੇਇਨਸਾਫ਼ੀ ਦੇ ਖ਼ਿਲਾਫ਼ ਖੜ੍ਹਾ ਹੋਣਾ ਚਾਹੀਦਾ ਹੈ। ਵੀਓਪੀਐਮ ਨੇ ਪ੍ਰਮੁੱਖ ਈਸਾਈ ਕਾਰਕੁਨ ਸੁਲਤਾਨ ਸਰਦਾਰ ਭੱਟੀ ਦੇ ਹਵਾਲੇ ਨਾਲ ਕਿਹਾ, “ਅਸੀਂ ਕੋਈ ਵਿਸ਼ੇਸ਼ ਅਧਿਕਾਰ ਨਹੀਂ ਮੰਗ ਰਹੇ, ਸਗੋਂ ਹਰ ਬੱਚੇ ਲਈ ਡਰ ਤੋਂ ਬਿਨਾਂ ਜੀਵਨ ਜਿਉਣ ਅਤੇ ਸੁਪਨੇ ਦੇਖਣ ਦੇ ਅਧਿਕਾਰ ਦੀ ਮੰਗ ਕਰ ਰਹੇ ਹਾਂ।”

Posted By: Daily Suraj Bureau

Latest News