Daily Suraj

ਪੰਜਾਬੀ

ਚੌਥਾ ਆਲ ਇੰਡੀਆ ਰੈਂਕ ਹਾਸਲ ਕਰਨ ਵਾਲਾ ਰੋਪੜ ਦਾ ਸੁਖਰਾਜ ਸਿੰਘ ਹੀਰਾ ਜਾਵੇਗਾ ਇੰਡੀਅਨ ਮਿਲਟਰੀ ਅਕੈਡਮੀ

07 Apr, 2026 05:43 PM

ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟ ਜਸਨੂਰ ਸਿੰਘ ਸੀ.ਡੀ.ਐਸ. ਮੈਰਿਟ ਸੂਚੀ ਵਿੱਚ ਪੂਰੇ ਭਾਰਤ ‘ਚੋਂ ਅੱਵਲ ਇੰਸਟੀਚਿਊਟ ਦੇ ਇੱਕ ਹੋਰ ਕੈਡਿਟ ਨੇ ਪੰਜਵੀਂ ਵਾਰ ਹਾਸਲ ਕੀਤਾ ਆਲ-ਇੰਡੀਆ ਟਾਪ ਰੈਂਕ ਜਸਨੂਰ ਅਤੇ ਸੁਖਰਾਜ ਦੀ ਪ੍ਰਾਪਤੀ ’ਤੇ ਪੰਜਾਬ ਨੂੰ ਮਾਣ : ਅਮਨ ਅਰੋੜਾ ਰੱਖਿਆ ਬਲਾਂ ਲਈ ਤਿਆਰੀ ਸਬੰਧੀ ਸਿੱਖਿਆ ਵਿੱਚ ਪੰਜਾਬ ਦੇ ਵਧਦੇ ਦਬਦਬੇ ਦੀ ਸ਼ਾਨਦਾਰ ਤਸਵੀਰ ਪੇਸ਼ ਕਰਦਿਆਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਨੇ ਇੱਕ ਵਾਰ ਫਿਰ ਕੌਮੀ ਪੱਧਰ ਮੀਲ ਪੱਥਰ ਸਥਾਪਤ ਕੀਤਾ ਹੈ। ਇਸ ਇੰਸਟੀਚਿਊਟ ਦੇ 10ਵੇਂ ਕੋਰਸ ਦੇ ਕੈਡਿਟ ਜਸਨੂਰ ਸਿੰਘ ਨੇ ਕੰਬਾਈਨਡ ਡਿਫੈਂਸ ਸਰਵਿਸਿਜ਼ (ਸੀ.ਡੀ.ਐਸ.) ਏਅਰ ਫੋਰਸ ਸੂਚੀ ਵਿੱਚ ਆਲ ਇੰਡੀਆ ਰੈਂਕ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ ਹੈ। 

ਪਠਾਨਕੋਟ ਦੇ ਇੱਕ ਕਾਰੋਬਾਰੀ ਦਾ ਪੁੱਤਰ, ਜਸਨੂਰ ਸਿੰਘ ਹੁਣ ਪ੍ਰੀ-ਫਲਾਇੰਗ ਸਿਖਲਾਈ ਕੋਰਸ ਲਈ ਹੈਦਰਾਬਾਦ ਵਿੱਚ ਏਅਰ ਫੋਰਸ ਅਕੈਡਮੀ ਜਾਵੇਗਾ। ਜਸਨੂਰ ਦੀ ਇਸ ਪ੍ਰਾਪਤੀ ਨਾਲ ਸੰਸਥਾ ਨੇ ਦੇਸ਼ ਭਰ ਵਿੱਚ ਪੰਜਵੀਂ ਵਾਰ ਸਿਖਰਲਾ ਰੈਂਕ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਪਿਛਲੇ ਦੋ ਸਾਲਾਂ ਵਿੱਚ ਸੰਸਥਾ ਦਾ ਇਹ ਤੀਜਾ ਸਨਮਾਨ ਹੈ, ਜੋ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਸੁਪਨੇ ਸਾਕਾਰ ਕਰਨ ਲਈ ਕੀਤੇ ਜਾ ਰਹੇ ਠੋਸ ਯਤਨਾਂ ਦਾ ਪ੍ਰਤੱਖ ਪ੍ਰਮਾਣ ਹੈ। ਇਸ ਤੋਂ ਇਲਾਵਾ ਰੋਪੜ ਤੋਂ ਕੈਡਿਟ ਸੁਖਰਾਜ ਸਿੰਘ ਹੀਰਾ ਨੇ ਚੌਥਾ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ ਅਤੇ ਸੁਖਰਾਜ ਹੁਣ ਜੂਨ 2026 ਵਿੱਚ ਸ਼ੁਰੂ ਹੋਣ ਵਾਲੇ 161ਵੇਂ ਕੋਰਸ ਲਈ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ), ਦੇਹਰਾਦੂਨ ਵਿੱਚ ਸ਼ਾਮਲ ਹੋਵੇਗਾ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਨ੍ਹਾਂ ਦੋਵਾਂ ਕੈਡਿਟਾਂ ਨੂੰ ਦਿਲੋਂ ਵਧਾਈਆਂ ਦਿੰਦੇ ਹੋਏ ਕਿਹਾ, ‘‘ਇਹ ਭਾਰਤ ਦੇ ਰੱਖਿਆ ਬਲਾਂ ਦੇ ਭਵਿੱਖੀ ਅਧਿਕਾਰੀ ਬਣਨ ਲਈ ਉਨ੍ਹਾਂ ਦੇ ਸਫ਼ਰ ਦਾ ਆਗਾਜ਼ ਹੈ। ਮੈਂ ਉਨ੍ਹਾਂ ਨੂੰ ਪੂਰੇ ਸਮਰਪਣ ਅਤੇ ਸੰਜੀਦਗੀ ਨਾਲ ਆਪਣੀ ਸਿਖਲਾਈ ਪੂਰੀ ਕਰਨ ਲਈ ਸ਼ੁਭਇੱਛਾਵਾਂ ਦਿੰਦਾ ਹਾਂ। ਪੰਜਾਬ ਨੂੰ ਇਨ੍ਹਾਂ ਹੋਣਹਾਰ ਨੌਜਵਾਨਾਂ ਦੀ ਪ੍ਰਾਪਤੀ ’ਤੇ ਸੱਚਮੁੱਚ ਮਾਣ ਹੈ।’’ ਇੰਸਟੀਟਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੈ ਐਚ. ਚੌਹਾਨ, ਵੀ.ਐਸ.ਐਮ., ਨੇ ਕੈਡਿਟ ਜਸਨੂਰ ਅਤੇ ਸੁਖਰਾਜ ਨੂੰ ਸੰਸਥਾ ਅਤੇ ਪੰਜਾਬ ਦਾ ਮਾਣ ਵਧਾਉਣ ਲਈ ਵਧਾਈ ਦਿੱਤੀ ਅਤੇ ਕਿਹਾ,‘‘ਅਸੀਂ ਐਨਡੀਏ-156 ਕੋਰਸ ਦੀ ਮੈਰਿਟ ਸੂਚੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ, ਜਿਸ ਤੋਂ ਸਾਨੂੰ ਇੱਕ ਹੋਰ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੈ।"

Posted By: Daily Suraj Bureau

Latest News