Daily Suraj

ਪੰਜਾਬੀ

ਕੇਂਦਰ ਦੀ ਰੁਜ਼ਗਾਰ ਯੋਜਨਾ ਨਾਲ ਪੇਂਡੂ ਆਰਥਿਕਤਾ ਨੂੰ ਮਿਲੇਗੀ ਰਫ਼ਤਾਰ: ਇਕਬਾਲ ਸਿੰਘ ਲਾਲਪੁਰਾ

09 Jan, 2026 05:46 PM

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਅੱਜ ਪਟਿਆਲਾ ਵਿਖੇ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਅਤੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਇਕਬਾਲ ਸਿੰਘ ਲਾਲਪੁਰਾ ਨੇ ਕੇਂਦਰ ਸਰਕਾਰ ਦੀ ‘ਵਿਕਸਿਤ ਭਾਰਤ ਰੁਜ਼ਗਾਰ ਗਾਰੰਟੀ ਯੋਜਨਾ’ ‘ਤੇ ਚਾਨਣਾ ਪਾਇਆ, ਜਿਸ ਤਹਿਤ ਮਜ਼ਦੂਰਾਂ ਨੂੰ 125 ਦਿਨਾਂ ਦੇ ਗਾਰੰਟੀਸ਼ੁਦਾ ਰੁਜ਼ਗਾਰ ਦੇ ਨਾਲ-ਨਾਲ ਖੇਤੀਬਾੜੀ ਦੇ ਆਫ-ਸੀਜ਼ਨ (ਸੁਸਤ ਸਮੇਂ) ਦੌਰਾਨ ਵਾਧੂ 60 ਦਿਨਾਂ ਦਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ “ਇਹ ਵਿਕਸਿਤ ਭਾਰਤ ਅਤੇ ਵਿਕਸਿਤ ਪੰਜਾਬ’ ਵੱਲ ਇੱਕ ਵੱਡਾ ਕਦਮ ਹੈ, ਜਿਸਦਾ ਮਕਸਦ ਪਿੰਡਾਂ ਦੀਆਂ ਸਹੂਲਤਾਂ ਨੂੰ ਵਧਾਉਣਾ, ਲੋਕਾਂ ਦੀ ਕਮਾਈ ਦੇ ਸਾਧਨ ਵਧਾਉਣਾ ਅਤੇ ਪਿੰਡਾਂ ਦਾ ਪੱਕੇ ਤੌਰ ‘ਤੇ ਵਿਕਾਸ ਕਰਨਾ ਹੈ।” ਉਨ੍ਹਾਂ ਅੱਗੇ ਇਹ ਵੀ ਕਿਹਾ ਕਿ “ਹੁਣ ਤੱਕ ਕਾਂਗਰਸ ਅਤੇ ਮੌਜੂਦਾ ਸਰਕਾਰ ਨੇ ਲੋਕਾਂ ਨੂੰ ਸਿਰਫ਼ ਖੋਖਲੇ ਵਾਅਦਿਆਂ ਨਾਲ ਗੁੰਮਰਾਹ ਹੀ ਕੀਤਾ ਹੈ।” ਪੁਰਾਣੇ ਰਿਕਾਰਡਾਂ ਬਾਰੇ ਗੱਲ ਕਰਦਿਆਂ ਲਾਲਪੁਰਾ ਜੀ ਨੇ ਦੱਸਿਆ ਕਿ ਜਦੋਂ ਪੰਜਾਬ ਦੇ 6,000 ਪਿੰਡਾਂ ਸਣੇ ਕੁੱਲ 13,000 ਪਿੰਡਾਂ ਦੀ ਜਾਂਚ ਕੀਤੀ ਗਈ, ਤਾਂ ਪਤਾ ਲੱਗਿਆ ਕਿ ਮਜ਼ਦੂਰਾਂ ਨੂੰ ਸਾਲ ਵਿੱਚ ਸਿਰਫ਼ 26 ਕੁ ਦਿਨ ਹੀ ਕੰਮ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਅੰਕੜਾ ਸਾਫ਼ ਦੱਸਦਾ ਹੈ ਕਿ ਪਿਛਲੀਆਂ ਸਰਕਾਰਾਂ ਪਿੰਡਾਂ ਦੇ ਲੋਕਾਂ ਨੂੰ ਕੰਮ ਦਿਵਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਰਹੀਆਂ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਵੀਂ ਸਕੀਮ ਸਿਰਫ਼ ਕੰਮ ਦੇਣ ਲਈ ਨਹੀਂ ਹੈ, ਸਗੋਂ ਇਸ ਨਾਲ ਪਿੰਡਾਂ ਦਾ ਸਰਬਪੱਖੀ ਸੁਧਾਰ ਹੋਵੇਗਾ ਅਤੇ ਪਿੰਡਾਂ ਦੇ ਸਿਸਟਮ ਮਜ਼ਬੂਤ ਹੋਣਗੇ। ਇਸ ਰਾਹੀਂ ਹੋਰ ਵੀ ਕਈ ਸਰਕਾਰੀ ਸਕੀਮਾਂ ਦਾ ਰਸਤਾ ਖੁੱਲ੍ਹੇਗਾ, ਜਿਸ ਨਾਲ ਪਿੰਡਾਂ ਦੇ ਲੋਕ ਤਾਕਤਵਰ ਬਣਨਗੇ ਅਤੇ ਪੂਰੇ ਪੰਜਾਬ ਦੀ ਤਰੱਕੀ ਤੇਜ਼ ਹੋਵੇਗੀ। ਉਨ੍ਹਾਂ ਸਾਫ਼ ਕਿਹਾ ਕਿ ਇਹ ‘ਗ੍ਰਾਮੀਣ ਮਿਸ਼ਨ’ ਦੇ ਤਹਿਤ ਕਮਾਈ ਅਤੇ ਰੋਜ਼ੀ-ਰੋਟੀ ਦੀ ਪੱਕੀ ਗਾਰੰਟੀ ਹੈ, ਤਾਂ ਜੋ ਪਿੰਡ ਦੇ ਲੋਕ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।” ਇਸ ਦੇ ਨਾਲ ਹੀ, ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ‘ਤੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਦਿੱਤੇ ਬਿਆਨ ਦਾ ਲਾਲਪੁਰਾ ਜੀ ਨੇ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀ ਗੱਲ ਕਹਿਣਾ ਬਹੁਤ ਸ਼ਰਮਨਾਕ ਹੈ ਅਤੇ ਇਸ ਨਾਲ ਸਾਰੀ ਸਿੱਖ ਕੌਮ ਦੇ ਮਨਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ। ਦੱਸ ਦਈਏ ਕਿ ਇਸ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਭਾਜਪਾ ਪ੍ਰਧਾਨ ਵਿਜੇ ਕੁਮਾਰ ਕੂਕਾ, ਕੇ.ਕੇ. ਸ਼ਰਮਾ, ਹਰਦੇਵ ਸਿੰਘ ਬੱਲੀ, ਸੰਦੀਪ ਮਲਹੋਤਰਾ, ਸਤਬੀਰ ਸਿੰਘ ਖਟੜਾ ਅਤੇ ਯੁਵਰਾਜ ਸਿੰਘ ਵੀ ਹਾਜ਼ਰ ਸਨ।

Posted By: Daily Suraj Bureau

Latest News