Daily Suraj

ਪੰਜਾਬੀ

ਲਾਡੋਵਾਲ ‘ਚ ਉਗਰਾਹੀ ਰੈਕਟ ਦਾ ਪਰਦਾਫਾਸ਼, ਕਈ ਸ਼ੱਕੀ ਗ੍ਰਿਫ਼ਤਾਰ

06 Feb, 2026 06:50 AM

ਲੁਧਿਆਣਾ ਪੁਲੀਸ ਨੇ ਸੂਬੇ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਭਾਰੀ ਵਾਹਨਾਂ ਤੋਂ ਕਥਿਤ ਤੌਰ 'ਤੇ ਪੈਸੇ ਵਸੂਲਣ ਦੇ ਦੋਸ਼ ਵਿੱਚ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਗਰੋਹ ਵਾਹਨਾਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਟੋਲ ਫੀਸ ਅਦਾ ਕੀਤੇ ਬਿਨਾਂ ਬੈਰੀਅਰ ਪਾਰ ਕਰਵਾਉਂਦਾ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਟੋਲ ਬੈਰੀਅਰ ਦੇ ਸਟਾਫ਼ 'ਤੇ ਵੀ ਆਪਣਾ ਪ੍ਰਭਾਵ ਪਾਉਂਦੇ ਸਨ ਅਤੇ ਉਨ੍ਹਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਭਾਰੀ ਵਾਹਨਾਂ ਨੂੰ ਬਿਨਾਂ ਟੋਲ ਦਿੱਤੇ ਲੰਘਾਉਣ ਲਈ ਮਜ਼ਬੂਰ ਕਰਦੇ ਸਨ, ਜਿਨ੍ਹਾਂ ਤੋਂ ਉਹ ਪਹਿਲਾਂ ਹੀ ਪੈਸੇ ਵਸੂਲ ਚੁੱਕੇ ਹੁੰਦੇ ਸਨ। ਪੁਲੀਸ ਨੇ ਗੁਪਤ ਸੂਚਨਾ ਮਿਲਣ ਤੋਂ ਬਾਅਦ ਲਾਡੋਵਾਲ ਥਾਣੇ ਵਿੱਚ ਜਬਰੀ ਉਗਰਾਹੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਏ ਐੱਸ ਆਈ ਮੁਹੰਮਦ ਸਦੀਕ ਨੇ ਦੱਸਿਆ ਕਿ 4 ਫਰਵਰੀ ਨੂੰ ਜਦੋਂ ਉਹ ਪੁਲੀਸ ਟੀਮ ਸਮੇਤ ਜੀ.ਟੀ. ਰੋਡ ਨੇੜੇ ਪਿੰਡ ਤਲਵੰਡੀ ਦੇ ਟੀ-ਪੁਆਇੰਟ 'ਤੇ ਮੌਜੂਦ ਸਨ, ਤਾਂ ਇਕ ਮੁਖਬਿਰ ਨੇ ਦੱਸਿਆ ਕਿ ਦਿਨ-ਰਾਤ ਲਾਡੋਵਾਲ ਟੋਲ ਬੈਰੀਅਰ 'ਤੇ ਕਰੀਬ 15-20 ਅਣਪਛਾਤੇ ਵਿਅਕਤੀ ਲੁਧਿਆਣਾ ਤੋਂ ਜਲੰਧਰ ਅਤੇ ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਭਾਰੀ ਵਾਹਨਾਂ ਅਤੇ ਉਨ੍ਹਾਂ ਦੇ ਟਰਾਂਸਪੋਰਟਰਾਂ ਨੂੰ ਟੋਲ ਬੈਰੀਅਰ ਤੋਂ ਪਹਿਲਾਂ ਰੋਕ ਕੇ ਉਨ੍ਹਾਂ ਤੋਂ ਟੋਲ ਦੀ ਰਕਮ ਵਸੂਲਦੇ ਹਨ। ਟੋਲ ਪਰਚੀ ਕੱਟਣ ਵਾਲੇ ਕਰਮਚਾਰੀਆਂ ਨੂੰ ਧਮਕਾਉਣ ਤੋਂ ਬਾਅਦ, ਉਹ ਬਿਨਾਂ ਪਰਚੀ ਦੇ ਵਾਹਨਾਂ ਨੂੰ ਲੰਘਣ ਦਿੰਦੇ ਹਨ। ਉਨ੍ਹਾਂ ਕਿਹਾ ਇਹ ਗਿਰੋਹ ਲੰਬੇ ਸਮੇਂ ਤੋਂ ਰਾਹਗੀਰਾਂ ਤੋਂ ਪੈਸੇ ਵਸੂਲਣ ਵਿੱਚ ਸਰਗਰਮ ਹੋ ਸਕਦਾ ਹੈ ਅਤੇ ਅਗਲੇਰੀ ਜਾਂਚ ਵਿੱਚ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲੀਸ ਗਿਰੋਹ ਦੇ ਮੈਂਬਰਾਂ ਬਾਰੇ ਕੋਈ ਸੁਰਾਗ ਹਾਸਲ ਕਰਨ ਲਈ ਟੋਲ ਬੈਰੀਅਰ ਦੇ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕਰੇਗੀ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਲਾਡੋਵਾਲ ਟੋਲ ਬੈਰੀਅਰ ਦੇ ਸਟਾਫ਼ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਸ਼ੱਕ ਹੈ ਕਿ ਉਹ ਇਸ ਜਬਰੀ ਉਗਰਾਹੀ ਦੇ ਰੈਕੇਟ ਵਿੱਚ ਸ਼ਾਮਲ ਹੋ ਸਕਦੇ ਹਨ। ਪੁਲੀਸ ਮੁਲਾਜ਼ਮਾਂ ਤੋਂ ਪੁੱਛਗਿੱਛ ਕਰੇਗੀ ਅਤੇ ਜੇਕਰ ਉਨ੍ਹਾਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

Latest News