ਡੋਮੀਨਿਕ ਲੇਬਲਾਂਕ ਜਲਦ ਮਿਲਣਗੇ ਅਮਰੀਕੀ ਵਪਾਰ ਪ੍ਰਤੀਨਿਧੀ ਨਾਲ
ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰਕ ਸੰਬੰਧਾਂ ਨੂੰ ਲੈ ਕੇ ਗੱਲਬਾਤ ਇੱਕ ਵਾਰ ਫਿਰ ਤੇਜ਼ ਹੋ ਰਹੀ ਹੈ। ਕੈਨੇਡਾ-ਅਮਰੀਕਾ ਵਪਾਰ ਮਾਮਲਿਆਂ ਦੇ ਮੰਤਰੀ Dominic LeBlanc ਨੇ ਐਲਾਨ ਕੀਤਾ ਹੈ ਕਿ ਉਹ ਆਉਣ ਵਾਲਿਆਂ ਹਫ਼ਤਿਆਂ ਵਿੱਚ ਅਮਰੀਕੀ ਰਾਸ਼ਟਰਪਤੀ Donald Trump ਦੇ ਵਪਾਰ ਪ੍ਰਤੀਨਿਧੀ Jamieson Greer ਨਾਲ ਮੁਲਾਕਾਤ ਕਰਨਗੇ। ਇਸ ਮੀਟਿੰਗ ਦੌਰਾਨ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤੇ Canada-United States-Mexico Agreement (CUSMA) ਦੀ ਲਾਜ਼ਮੀ ਸਮੀਖਿਆ ’ਤੇ ਵਿਚਾਰ ਹੋਵੇਗਾ। ਹਾਲ ਹੀ ਵਿੱਚ ਗਰੀਅਰ ਨੇ ਕਿਹਾ ਸੀ ਕਿ ਕੈਨੇਡਾ ਵੱਲੋਂ ਲਾਗੂ ਕੁਝ ਵਪਾਰਕ ਰੁਕਾਵਟਾਂ ਕਾਰਨ ਦੋ-ਪੱਖੀ ਗੱਲਬਾਤ ਮੁਸ਼ਕਿਲ ਹੋ ਰਹੀ ਹੈ। ਖਾਸ ਕਰਕੇ ਅਮਰੀਕੀ ਵਾਈਨ ਅਤੇ ਸ਼ਰਾਬ ਦੀ ਵਿਕਰੀ ’ਤੇ ਸੀਮਾਵਾਂ ਨੂੰ ਲੈ ਕੇ ਅਸਹਿਮਤੀ ਜ਼ਾਹਿਰ ਕੀਤੀ ਗਈ। ਪਿਛਲੇ ਸਾਲ ਅਮਰੀਕੀ ਟੈਰਿਫ਼ਾਂ ਦੇ ਜਵਾਬ ਵਿੱਚ ਕੁਝ ਕੈਨੇਡੀਅਨ ਸੂਬਿਆਂ ਨੇ ਅਮਰੀਕੀ ਸ਼ਰਾਬ ਦੀ ਵਿਕਰੀ ਰੋਕ ਦਿੱਤੀ ਸੀ, ਜਿਸ ਨਾਲ ਤਣਾਅ ਵਧ ਗਿਆ। ਇਸ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ Mark Carney ਦੀਆਂ ਵਾਸ਼ਿੰਗਟਨ ਯਾਤਰਾਵਾਂ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਸੰਬੰਧ ਸੁਧਰਦੇ ਦਿਸੇ ਸਨ। ਹਾਲਾਂਕਿ ਓਂਟਾਰੀਓ ਵਿੱਚ ਚਲਾਏ ਇੱਕ ਵਿਗਿਆਪਨ ਕਾਰਨ ਮਾਹੌਲ ਮੁੜ ਤਣਾਅਪੂਰਨ ਬਣ ਗਿਆ ਅਤੇ ਗੱਲਬਾਤ ਅਸਥਾਈ ਤੌਰ ’ਤੇ ਰੁਕ ਗਈ। ਫਿਰ ਵੀ ਦੋਵੇਂ ਪੱਖਾਂ ਵਿਚਕਾਰ ਸੰਪਰਕ ਜਾਰੀ ਹਨ। CUSMA ਸਮਝੌਤਾ ਕੈਨੇਡਾ ਅਤੇ ਮੈਕਸੀਕੋ ਨੂੰ ਅਮਰੀਕੀ ਟੈਰਿਫ਼ਾਂ ਦੇ ਵੱਡੇ ਪ੍ਰਭਾਵ ਤੋਂ ਬਚਾਉਂਦਾ ਆ ਰਿਹਾ ਹੈ, ਪਰ ਸਮੀਖਿਆ ਤੋਂ ਪਹਿਲਾਂ ਅਣਿਸ਼ਚਿਤਤਾ ਦਾ ਮਾਹੌਲ ਹੈ। ਰਾਸ਼ਟਰਪਤੀ ਟਰੰਪ ਵੱਲੋਂ ਵੱਖਰੇ ਦੋ-ਪੱਖੀ ਸਮਝੌਤਿਆਂ ਦੀ ਸੰਭਾਵਨਾ ਵੀ ਜਤਾਈ ਗਈ ਹੈ, ਜਿਸ ਨਾਲ ਤਿੰਨ-ਪੱਖੀ ਵਪਾਰਕ ਢਾਂਚੇ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਇਸ ਵੇਲੇ ਡੋਮੀਨਿਕ ਲੇਬਲਾਂਕ ਮੈਕਸੀਕੋ ਦੇ ਦੌਰੇ ’ਤੇ ਹਨ, ਜਿੱਥੇ ਉਹ ਮੈਕਸੀਕੋ ਦੀ ਰਾਸ਼ਟਰਪਤੀ Claudia Sheinbaum ਅਤੇ ਹੋਰ ਆਰਥਿਕ ਅਧਿਕਾਰੀਆਂ ਨਾਲ ਵਪਾਰਕ ਸਹਿਯੋਗ ਮਜ਼ਬੂਤ ਕਰਨ ’ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਨੇਡਾ ਅਤੇ ਮੈਕਸੀਕੋ ਦੋਵੇਂ ਤਿੰਨ-ਪੱਖੀ ਵਪਾਰਕ ਸਮਝੌਤੇ ਨੂੰ ਮਜ਼ਬੂਤ ਬਣਾਉਣ ਲਈ ਵਚਨਬੱਧ ਹਨ ਅਤੇ ਖੇਤਰੀ ਆਰਥਿਕ ਸਥਿਰਤਾ ਨੂੰ ਤਰਜੀਹ ਦੇ ਰਹੇ ਹਨ।
Posted By: Daily Suraj Bureau