ਕਾਂਗਰਸ ਅੰਦਰ ਨਵੀਆਂ ਗੱਲਬਾਤਾਂ, ਅਮਰਿੰਦਰ ਦੀ ਅਹਿਮੀਅਤ ਵਧੀ
ਕਈ ਕਾਂਗਰਸੀਆਂ ਨੂੰ ਧੁੜਕੂ ਲੱਗਿਆ; ‘ਆਪ’ ਨੇ ਕਾਂਗਰਸ ਨੂੰ ਘੇਰਿਆ ਪੰਜਾਬ ਦੀ ਸਿਆਸਤ ’ਚ ਕਈ ਵਰ੍ਹਿਆਂ ਮਗਰੋਂ ਮੁੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੂੰਜ ਪੈਣ ਲੱਗੀ ਹੈ। ਅਮਰਿੰਦਰ ਸਿੰਘ ਪਹਿਲੀ ਦਫ਼ਾ ਮੁੱਖ ਮੰਤਰੀ ਬਣੇ ਤਾਂ ਉਹ ਨਾਇਕ ਵਜੋਂ ਉੱਭਰੇ। 2004 ਵਿੱਚ ਪਾਣੀਆਂ ਦੇ ਸਮਝੌਤੇ ਰੱਦ ਕਰਨ ਪਿੱਛੋਂ ਉਹ ‘ਪਾਣੀਆਂ ਦੇ ਰਾਖੇ’ ਵਜੋਂ ਪ੍ਰਚਾਰੇ ਗਏ। ਮੁੱਖ ਮੰਤਰੀ ਵਜੋਂ ਦੂਜੀ ਪਾਰੀ ਦੌਰਾਨ ਉਹ ਕੋਈ ਜਲਵਾ ਨਾ ਦਿਖਾ ਸਕੇ। ਕਾਂਗਰਸ ਅੰਦਰੋਂ ਹੀ ਉਨ੍ਹਾਂ ਦੇ ਅਕਾਲੀਆਂ ਨਾਲ ਰਲੇ ਹੋਣ ਦੀਆਂ ਆਵਾਜ਼ਾਂ ਉੱਠੀਆਂ। ਆਖ਼ਰੀ ਵਰ੍ਹੇ ’ਚ ਅਮਰਿੰਦਰ ਨੂੰ ਕਾਂਗਰਸ ’ਚੋਂ ਬਾਹਰ ਦਾ ਰਾਹ ਦਿਖਾ ਦਿੱਤਾ। ਅਮਰਿੰਦਰ ਸਿੰਘ ਨੇ ਥੋੜ੍ਹੇ ਸਮੇਂ ਮਗਰੋਂ ਭਾਜਪਾ ਦਾ ਪੱਲਾ ਫੜ ਲਿਆ; ਹਾਲਾਂਕਿ ਉਥੇ ਉਨ੍ਹਾਂ ਦੀ ਝੋਲੀ ਕੋਈ ਸੰਵਿਧਾਨਕ ਅਹੁਦਾ ਨਹੀਂ ਪਿਆ। ਸਬਰ ਟੁੱਟਿਆ ਤਾਂ ਉਨ੍ਹਾਂ ਭਾਜਪਾ ’ਚ ਘੁਟਣ ਮਹਿਸੂਸ ਹੋਣ ਦਾ ਇਸ਼ਾਰਾ ਕੀਤਾ। ਹੁਣ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪੇਸ਼ਕਸ਼ ਕੀਤੀ ਹੈ ਕਿ ਜੇ ਅਮਰਿੰਦਰ ਸਿੰਘ ਮੁੜ ਕਾਂਗਰਸ ’ਚ ਆਉਣਾ ਚਾਹੁੰਦੇ ਹਨ ਤਾਂ ਹਾਈ ਕਮਾਨ ਵਿਚਾਰ ਕਰ ਸਕਦੀ ਹੈ। ਇਸ ਬਿਆਨ ਨੇ ਪੰਜਾਬ ਕਾਂਗਰਸ ਵਿਚਲੇ ਉਨ੍ਹਾਂ ਆਗੂਆਂ ਨੂੰ ਧੁੜਕੂ ਲਾ ਦਿੱਤਾ ਹੈ, ਜੋ ਮੁੱਖ ਮੰਤਰੀ ਬਣਨ ਦੀ ਦੌੜ ’ਚ ਸ਼ਾਮਲ ਹਨ। ਇਸ ਬਿਆਨ ਮਗਰੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਹੈ। ‘ਆਪ’ ਆਗੂਆਂ ਦਾ ਕਹਿਣਾ ਹੈ ਕਿ ਜਿਸ ਅਮਰਿੰਦਰ ਸਿੰਘ ਦੇ ਸਿਰ ਕਾਂਗਰਸੀ ਆਗੂ ਨਾਕਾਮੀਆਂ ਦਾ ਠੀਕਰਾ ਭੰਨਦੇ ਰਹੇ ਹਨ, ਉਹ ਹੁਣ ਕਿਸ ਮੂੰਹ ਨਾਲ ਅਮਰਿੰਦਰ ਸਿੰਘ ਦੀ ਵਾਪਸੀ ਦਾ ਸਵਾਗਤ ਕਰਨਗੇ। ਉਂਝ, ਅਮਰਿੰਦਰ ਸਿੰਘ ਦੇ ਪਰਿਵਾਰ ਨੇ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਹੈ। ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਵੇਲੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ’ਚ ਗੋਡੇ ਦੀ ਸਰਜਰੀ ਲਈ ਦਾਖਲ ਹਨ। ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਉਨ੍ਹਾਂ ਦਾ ਹਾਲ ਚਾਲ ਪੁੱਛਿਆ। ਲੰਘੇ ਕੱਲ੍ਹ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਪਤਾ ਲੈਣ ਲਈ ਪੁੱਜੇ ਸਨ। ਕੈਪਟਨ ਅਮਰਿੰਦਰ ਸਿੰਘ ਮੁੜ ਸੂਬੇ ਦੀ ਸਿਆਸਤ ’ਚ ਚਰਚਾ ਦਾ ਕੇਂਦਰ ਬਣ ਗਏ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਰੈਲੀ ’ਚ ਗੁਟਕੇ ’ਤੇ ਹੱਥ ਰੱਖ ਕੇ ਸਹੁੰ ਚੁੱਕੀ ਸੀ ਅਤੇ ਚਾਰ ਹਫ਼ਤਿਆਂ ’ਚ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕਹੀ ਸੀ। ਅਮਰਿੰਦਰ ਸਿੰਘ ਦਾ ਇਹ ਵਾਅਦਾ ਅੱਜ ਵੀ ਕਾਂਗਰਸ ਨੂੰ ਨਿਰਉੱਤਰ ਕਰ ਰਿਹਾ ਹੈ। 2022 ਦੀਆਂ ਚੋਣਾਂ ’ਚ ਉਹ ‘ਆਪ’ ਦੇ ਨਵੇਂ ਚਿਹਰੇ ਅਜੀਤਪਾਲ ਸਿੰਘ ਕੋਹਲੀ ਤੋਂ ਵੱਡੇ ਫ਼ਰਕ ਨਾਲ ਹਾਰ ਗਏ ਸਨ। ਅਮਰਿੰਦਰ ਸਿੰਘ ਪਿਛਲੇ ਦਿਨੀਂ ਜਲੰਧਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਜ਼ਰ ਆਏ ਸਨ।
Posted By: Daily Suraj Bureau