ਜੇਲ੍ਹ 'ਚੋਂ ਚੋਣ ਲੜਨਗੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਬਸੰਤ ਸਿੰਘ: 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੇ ਨਿਹਾਲ ਸਿੰਘ ਵਾਲਾ ਤੋਂ ਬਣਾਇਆ ਉਮੀਦਵਾਰ
ਪੰਜਾਬ ਦੀ ਰਾਜਨੀਤੀ ਵਿੱਚ 'ਅਕਾਲੀ ਦਲ ਵਾਰਿਸ ਪੰਜਾਬ ਦੇ' ਨੇ ਇੱਕ ਵੱਡਾ ਸਿਆਸੀ ਕਦਮ ਚੁੱਕਦਿਆਂ ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਜੇਲ੍ਹ ਵਿੱਚ ਬੰਦ ਨੌਜਵਾਨ ਆਗੂ ਬਸੰਤ ਸਿੰਘ ਨੂੰ ਆਪਣਾ ਚੋਣ ਉਮੀਦਵਾਰ ਐਲਾਨਿਆ ਹੈ। ਪਿੰਡ ਦੌਲਤਪੁਰਾ ਦੇ ਰਹਿਣ ਵਾਲੇ ਬਸੰਤ ਸਿੰਘ ਦੌਲਤਪੁਰਾ, ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਬੇਹੱਦ ਨੇੜਲੇ ਸਾਥੀ ਮੰਨੇ ਜਾਂਦੇ ਹਨ ਅਤੇ ਫਿਲਹਾਲ ਬਠਿੰਡਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਨ। ਜਥੇਬੰਦੀ ਵੱਲੋਂ ਦੋ ਦਿਨ ਪਹਿਲਾਂ ਬਸੰਤ ਸਿੰਘ ਦੌਲਤਪੁਰਾ ਨੂੰ ਹਲਕਾ ਨਿਹਾਲ ਸਿੰਘ ਵਾਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਇਸ ਹਲਕੇ ਤੋਂ ਉਮੀਦਵਾਰੀ ਤੈਅ ਮੰਨੀ ਜਾ ਰਹੀ ਸੀ। ਹੁਣ ਪਾਰਟੀ ਵੱਲੋਂ ਉਨ੍ਹਾਂ ਦੇ ਨਾਂ 'ਤੇ ਰਸਮੀ ਮੋਹਰ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਇਸੇ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਇੱਕ ਵਿਸ਼ਾਲ ਰੈਲੀ ਕੀਤੀ ਗਈ ਸੀ, ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਦੀ ਉਮੀਦਵਾਰੀ 'ਤੇ ਭਰੋਸਾ ਜਤਾਇਆ ਸੀ। ਬਸੰਤ ਸਿੰਘ ਦੌਲਤਪੁਰਾ ਦੀ ਚੋਣ ਮੈਦਾਨ ਵਿੱਚ ਐਂਟਰੀ ਨਾਲ ਨਿਹਾਲ ਸਿੰਘ ਵਾਲਾ ਹਲਕੇ ਵਿੱਚ ਨਵੇਂ ਸਿਆਸੀ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ। 'ਅਕਾਲੀ ਦਲ ਵਾਰਿਸ ਪੰਜਾਬ ਦੇ' ਵੱਲੋਂ ਪੰਜਾਬ ਭਰ ਵਿੱਚ ਆਪਣੀਆਂ ਰਾਜਨੀਤਿਕ ਗਤੀਵਿਧੀਆਂ ਤੇਜ਼ ਕਰਦਿਆਂ ਜਿਸ ਤਰ੍ਹਾਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਹਾ ਹੈ, ਉਸ ਤੋਂ ਸਾਫ਼ ਹੁੰਦਾ ਹੈ ਕਿ ਇਹ ਜਥੇਬੰਦੀ ਪੂਰੀ ਰਣਨੀਤੀ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਮੌਜੂਦਗੀ ਦਰਜ ਕਰਵਾਉਣ ਲਈ ਤਿਆਰ ਹੈ।
Posted By: Daily Suraj Bureau