Daily Suraj

ਪੰਜਾਬੀ

PSEB 10ਵੀਂ ਨਤੀਜੇ ‘ਚ ਹਰਲੀਨ ਸ਼ਰਮਾ ਨੇ ਪੰਜਾਬ ਭਰ ‘ਚ ਮਾਰੀ ਬਾਜ਼ੀ

11 May, 2026 04:51 PM

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ Harleen Sharma ਨੇ 99.38 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਹਰਲੀਨ ਨੇ 650 ਵਿੱਚੋਂ 646 ਅੰਕ ਹਾਸਲ ਕਰਕੇ ਇਹ ਮਾਣਮੱਤੀ ਉਪਲਬਧੀ ਆਪਣੇ ਨਾਮ ਕੀਤੀ। Punjab School Education Board ਦੇ ਨਤੀਜਿਆਂ ਵਿੱਚ ਸਿਖਰ ‘ਤੇ ਰਹੀ ਹਰਲੀਨ Saraswati Senior Secondary School ਦੀ ਵਿਦਿਆਰਥਣ ਹੈ। ਉਹ ਜੈਤੋ ਤੋਂ ਕਰੀਬ ਛੇ ਕਿਲੋਮੀਟਰ ਦੂਰ ਪਿੰਡ ਚੈਨਾ ਦੀ ਰਹਿਣ ਵਾਲੀ ਹੈ। ਹਰਲੀਨ ਇੱਕ ਮਿਹਨਤਕਸ਼ ਕਿਸਾਨ ਪਰਿਵਾਰ ਨਾਲ ਸਬੰਧਿਤ ਹੈ। ਉਸ ਦੇ ਪਿਤਾ ਜਸਵਿੰਦਰ ਕੁਮਾਰ ਸ਼ਰਮਾ ਕਿਸਾਨ ਹਨ, ਜਦਕਿ ਮਾਤਾ ਰੇਣੂੰ ਬਾਲਾ ਘਰੇਲੂ ਇਸਤਰੀ ਹਨ। ਪਰਿਵਾਰ ਵਿੱਚ ਉਸ ਦਾ ਛੋਟਾ ਭਰਾ ਰਹਿਮਤ ਸ਼ਰਮਾ ਵੀ ਪੜ੍ਹਾਈ ਕਰ ਰਿਹਾ ਹੈ ਅਤੇ ਉਹ ਛੇਵੀਂ ਜਮਾਤ ਦਾ ਵਿਦਿਆਰਥੀ ਹੈ। ਦੋਵੇਂ ਭੈਣ-ਭਰਾ ਇੱਕੋ ਸਕੂਲ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। ਹਰਲੀਨ ਦੇ ਪਿਤਾ ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਖੁਦ ਮੈਟਰਿਕ ਤੱਕ ਪੜ੍ਹੇ ਹਨ, ਜਦਕਿ ਉਨ੍ਹਾਂ ਦੀ ਪਤਨੀ ਅੱਠਵੀਂ ਜਮਾਤ ਤੱਕ ਹੀ ਪੜ੍ਹ ਸਕੀ। ਉਨ੍ਹਾਂ ਕਿਹਾ ਕਿ ਪਰਿਵਾਰਕ ਹਾਲਾਤਾਂ ਦੇ ਬਾਵਜੂਦ ਹਰਲੀਨ ਨੇ ਪੜ੍ਹਾਈ ਪ੍ਰਤੀ ਹਮੇਸ਼ਾ ਗੰਭੀਰਤਾ ਦਿਖਾਈ। ਉਹ ਹਰ ਰੋਜ਼ ਤੜਕੇ ਚਾਰ ਵਜੇ ਉੱਠ ਕੇ ਪੜ੍ਹਾਈ ਕਰਦੀ ਸੀ ਅਤੇ ਰਾਤ ਦੇ ਦੇਰ ਤੱਕ ਆਪਣੀ ਤਿਆਰੀ ਵਿੱਚ ਜੁਟੀ ਰਹਿੰਦੀ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਹਰਲੀਨ ਨੇ ਪ੍ਰੀਖਿਆ ਤੋਂ ਕੁਝ ਮਹੀਨੇ ਪਹਿਲਾਂ ਹੀ ਟਿਊਸ਼ਨ ਲੈਣੀ ਸ਼ੁਰੂ ਕੀਤੀ ਸੀ। ਹਰਲੀਨ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਦੀ ਪ੍ਰੇਰਣਾ ਅਤੇ ਹੌਸਲਾ ਅਫ਼ਜ਼ਾਈ ਨੂੰ ਦਿੱਤਾ। ਭਵਿੱਖੀ ਯੋਜਨਾਵਾਂ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ ਕਿ ਉਸ ਦੇ ਮਾਪਿਆਂ ਦਾ ਸੁਪਨਾ ਹੈ ਕਿ ਉਹ ਜੱਜ ਬਣੇ ਅਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਉਹ ਪੂਰੀ ਮਿਹਨਤ ਕਰੇਗੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ Kusam Kalra ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਪਵਨ ਗੋਇਲ, ਮਦਨ ਗੋਇਲ ਅਤੇ ਰਾਕੇਸ਼ ਰੋਮਾਣਾ ਨੇ ਹਰਲੀਨ ਦੀ ਇਸ ਉਪਲਬਧੀ ਲਈ ਉਸ ਨੂੰ, ਉਸ ਦੇ ਮਾਪਿਆਂ ਅਤੇ ਸਕੂਲ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਧਰ, ਜੈਤੋ ਦੇ ਵਿਧਾਇਕ Amolak Singh ਨੇ ਵੀ ਹਰਲੀਨ ਅਤੇ ਉਸ ਦੇ ਪਰਿਵਾਰ ਨੂੰ ਇਸ ਸ਼ਾਨਦਾਰ ਸਫਲਤਾ ਲਈ ਮੁਬਾਰਕਬਾਦ ਦਿੱਤੀ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਇਸੇ ਸਕੂਲ ਦੀ ਵਿਦਿਆਰਥਣ ਤਮੰਨਾ ਨੇ 100 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।

Posted By: Daily Suraj Bureau

Latest News