Daily Suraj

ਪੰਜਾਬੀ

ਸਾਲ ਦਾ ਲੇਖਾ ਜੋਖਾ

01 Jan, 2026 03:17 PM

*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਪੂਰਥਲਾ ਪੁਲਿਸ ਨੇ ਨਸ਼ਾ ਤਸਕਰਾਂ ਦਾ ਲੱਕ ਤੋੜਿਆ
*1125 ਕੇਸਾਂ ਵਿਚ 1424 ਨਸ਼ਾ ਤਸਕਰ ਕਾਬੂ
*ਸੰਗਠਿਤ ਅਪਰਾਧਾਂ ਦੀ ਰੋਕਥਾਮ ਤਹਿਤ 28 ਗੈਂਗਸਟਰ ਕਾਬੂ
*ਨਸ਼ੇ ਦਾ ਮੁਕੰਮਲ ਸਫਾਇਆ ਤੇ ਕਾਨੂੰਨ ਵਿਵਸਥਾ ਬਣਾਈ ਰੱਖਣਾ ਸਾਲ 2026 ਦਾ ਹੋਵੇਗਾ ਟੀਚਾ:ਐਸ.ਐਸ.ਪੀ.ਗੌਰਵ ਤੂਰਾ
ਫਗਵਾੜਾ 
ਕਪੂਰਥਲਾ ਪੁਲਿਸ ਨੂੰ ਸਾਲ 2025 ਦੌਰਾਨ ਨਸ਼ੇ ਦੀ ਸਪਲਾਈ ਨੂੰ ਰੋਕਣ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਤੋਂ ਇਲਾਵਾ ਸੰਗਠਿਤ ਅਪਰਾਧਾਂ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਸਲਾਖਾਂ ਪਿੱਛੇ ਭੇਜਣ ਵਿਚ ਸ਼ਾਨਦਾਰ ਸਫਲਤਾ ਮਿਲੀ ਹੈ। 
ਅੱਜ ਇੱਥੇ ਐਸ.ਐਸ.ਪੀ.ਕਪੂਰਥਲਾ ਸ੍ਰੀ ਗੌਰਵ ਤੂਰਾ ਨੇ ਸਾਲ 2025 ਦੌਰਾਨ ਕਪੂਰਥਲਾ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ‘ਸਾਲ 2025 ਦੌਰਾਨ ਕਪੂਰਥਲਾ ਪੁਲਿਸ ਨਸ਼ਾ ਤਸਕਰਾਂ ਦਾ ਲੱਕ ਤੋੜਨ ਵਿਚ ਕਾਮਯਾਬ ਰਹੀ ਹੈ’। 
ਉਨ੍ਹਾਂ ਦੱਸਿਆ ਕਿ ਕਪੂਰਥਲਾ ਪੁਲਿਸ ਵੱਲੋਂ ਸਾਲ 2025 ਦੌਰਾਨ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ 1125 ਐਨ.ਡੀ.ਪੀ.ਐਸ. ਕੇਸ ਦਰਜ ਕਰਕੇ 1424 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 14.845 ਕਿਲੋ ਹੈਰੋਇਨ, 463.599 ਕਿਲੋ ਭੁੱਕੀ, 12.983 ਕਿਲੋ ਅਫੀਮ, 2 ਕਿਲੋ ਗਾਂਜਾ, 0.065 ਕਿਲੋ ਆਈਸ, 1.407 ਕਿਲੋ ਨਸ਼ੀਲਾ ਪਾਊਡਰ, 516 ਭੁੱਕੀ ਦੇ ਹਰੇ ਪੌਦੇ, 72,086 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ ₹7,84,540/- ਡਰੱਗ ਮਨੀ ਬਰਾਮਦ ਕੀਤੀ ਗਈ। 
ਉਨ੍ਹਾਂ ਕਿਹਾ ਕਿ ਨਸ਼ੇ ਦੀ ਸਪਲਾਈ ਲਾਈਨ ਤੋੜਨਾ ਅਤੇ ਨਸ਼ਾ ਪੀੜਤਾਂ ਦਾ ਮੁੜਵਸੇਬਾ ਪੁਲਿਸ ਦਾ ਸਭ ਤੋਂ ਵੱਡਾ ਟੀਚਾ ਸੀ,ਜਿਸ ਵਿਚ ਵੱਡੀ ਪੱਧਰ ‘ਤੇ ਸਫ਼ਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਵਪਾਰਕ ਐਨ.ਡੀ.ਪੀ.ਐਸ. ਦੀ ਮਾਤਰਾ ਦੇ 36 ਕੇਸਾਂ ਵਿੱਚ 54 ਦੋਸ਼ੀ ਗ੍ਰਿਫ਼ਤਾਰ ਹੋਏ। 
ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ਬਾਰੇ ਸੂਚਨਾ ਦੇਣ ਲਈ ਸ਼ੁਰੂ ਕੀਤੀਆਂ ਹੈੱਲਪਲਾਈਨਾਂ ਉੱਪਰ ਆਮ ਲੋਕਾਂ ਵਲੋਂ 1324 ਸੇਫ ਪੰਜਾਬ ਟਿਪਲਾਈਨਾਂ ਪ੍ਰਾਪਤ ਹੋਈਆਂ, ਜਿਨ੍ਹਾਂ ਦੇ ਆਧਾਰ ‘ਤੇ 479 ਐਫ.ਆਈ.ਆਰਜ਼ ਦਰਜ ਕਰਕੇ 570 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਦਾ ਪੁਲਿਸ ਦੀ ਨਸ਼ੇ ਵਿਰੁੱਧ ਕਾਰਵਾਈ ਵਿਚ ਵਿਸ਼ਵਾਸ਼ ਵਧਿਆ ਹੈ,ਜਿਸ ਕਰਕੇ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦੇਣ ਲਈ ਅੱਗੇ ਆਉਣ ਲੱਗੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਬਣਾਈਆਂ ਜਾਇਦਾਦਾਂ ਨੂੰ ਕੁਰਕ ਕਰਨ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਗਿਆ ਹੈ, ਜਿਸ ਤਹਿਤ 18.42 ਕਰੋੜ ਰੁਪਏ ਸੰਪਤੀ ਫ੍ਰੀਜ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰਾਂ ਨਾਲ ਸਬੰਧਿਤ ਕੇਸਾਂ ਦੀ ਅਦਾਲਤਾਂ ਵਿਚ ਜ਼ੋਰਦਾਰ ਪੈਰਵਾਈ ਦੇ ਨਤੀਜੇ ਵਜੋਂ ਐਨ.ਡੀ.ਪੀ.ਐਸ. ਕੇਸਾਂ ਵਿੱਚ 92% ਸਜ਼ਾ ਦਰ ਹਾਸਲ ਕੀਤੀ ਗਈ।
ਨਸ਼ਾ ਪੀੜਤਾਂ ਦੇ ਮੁੜਵਸੇਬੇ ਬਾਰੇ ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਵੱਲ ਕਦਮ ਚੁੱਕਦਿਆਂ 701 ਨਸ਼ਾ ਪੀੜਤਾਂ ਨੂੰ ਡੀ-ਐਡਿਕਸ਼ਨ ਸੈਂਟਰਾਂ ਅਤੇ 1833 ਨਸ਼ਾ ਪੀੜਤਾਂ ਨੂੰ ਓਟ ਸੈਂਟਰਾਂ ਨਾਲ ਜੋੜਿਆ ਗਿਆ ਹੈ। 
ਸ੍ਰੀ ਤੂਰਾ ਨੇ ਦੱਸਿਆ ਕਿ ਗੰਭੀਰ ਅਪਰਾਧਾਂ ਵਿਰੁੱਧ ਕਾਰਵਾਈ ਦੌਰਾਨ 17 ਕਤਲ ਕੇਸਾਂ ਵਿਚੋਂ 16 ਟ੍ਰੇਸ ਕਰਕੇ 45 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਸੇ ਤਰ੍ਹਾਂ 42 ਇਰਾਦਾ ਕਤਲ ਦੇ ਮਾਮਲਿਆਂ ਵਿਚ 62 ਗ੍ਰਿਫ਼ਤਾਰੀਆਂ, ਲੁੱਟ ਦੇ 24 ਮਾਮਲਿਆਂ ਵਿਚ 40 ਗ੍ਰਿਫ਼ਤਾਰੀਆਂ ਕਰਕੇ 18.89 ਲੱਖ ਰੁਪਏ ਬਰਾਮਦ ਕੀਤੇ ਗਏ। ਇਸੇ ਤਰ੍ਹਾਂ 1 ਬੈਂਕ ਦੀ ਲੁੱਟ ਕੇਸ ਦੇ ਮਾਮਲੇ ਵਿਚ 27.69 ਲੱਖ ਰੁਪਏ ਬਰਾਮਦ ਕੀਤੇ ਗਏ। 
ਸਾਇਬਰ ਅਪਰਾਧ ਨੂੰ ਭਵਿੱਖ ਦੀ ਚੁਣੌਤੀ ਦੱਸਦੇ ਹੋਏ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸਾਈਬਰ ਅਪਰਾਧ ਦੇ ਇੱਕ ਕੇਸ ਵਿੱਚ 42 ਦੋਸ਼ੀ ਗ੍ਰਿਫ਼ਤਾਰ ਕਰਕੇ ₹2 ਕਰੋੜ 15 ਲੱਖ ਰੁਪਏ ਨਕਦ, 40 ਲੈਪਟਾਪ, 68 ਮੋਬਾਈਲ ਫੋਨ ਸਮੇਤ ਵੱਡੀ ਬਰਾਮਦਗੀ ਕੀਤੀ ਗਈ। ਇਸ ਤੋਂ ਇਲਾਵਾ ਜਬਰਨ-ਵਸੂਲੀ/ਧਮਕੀ ਵਾਲੀਆਂ ਕਾਲਾਂ ਦੇ 19 ਕੇਸਾਂ ਵਿਚੋਂ 15 ਦਾ ਨਿਪਟਾਰਾ ਕੀਤਾ ਗਿਆ ਹੈ ਤੇ 12 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 
ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤੇ ਗਏ ਗੰਭੀਰ ਯਤਨਾਂ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਤੂਰਾ ਨੇ ਦੱਸਿਆ ਕਿ ਆਰਮਜ਼ ਐਕਟ ਦੇ 21 ਕੇਸਾਂ ਵਿੱਚ 35 ਦੋਸ਼ੀਆਂ ਨੂੰ ਕਾਬੂ ਕਰਕੇ 38 ਪਿਸਤੌਲ, ਪੰਜ ਵਿਦੇਸ਼ੀ ਗਲੌਕ 9ਐਮ.ਐਮ), 6 ਰਿਵਾਲਵਰ, 4 ਦੇਸੀ ਕੱਟੇ, 1 ਗਨ ਅਤੇ 146 ਕਾਰਤੂਸ ਜ਼ਬਤ ਕੀਤੇ ਗਏ। 
ਗੈਂਗਸਟਰਾਂ ਵਿਰੁੱਧ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਤੂਰਾ ਨੇ ਦੱਸਿਆ ਕਿ ਸੰਗਠਿਤ ਅਪਰਾਧ ਨੂੰ ਨੱਥ ਪਾਉਣ ਲਈ ਵੱਡੀ ਕਾਰਾਈ ਕੀਤੀ ਗਈ। ਇਸ ਤਹਿਤ 28 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਕੇ ਹਥਿਆਰ ਅਤੇ ਵਾਹਨ ਬਰਾਮਦ ਕੀਤੇ ਗਏ। 
ਉਨ੍ਹਾਂ ਇਸ ਗੱਲ ‘ਤੇ ਤਸੱਲੀ ਜਤਾਈ ਕਿ ਕਪੂਰਥਲਾ ਪੁਲਿਸ ਵਲੋਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਗਿਆ ਹੈ,ਜਿਸ ਤਹਿਤ 112 ਹੈਲਪਲਾਈਨ ਉੱਪਰ ਪ੍ਰਾਪਤ ਸ਼ਿਕਾਇਤ ਨੂੰ ਔਸਤਨ 11 ਮਿੰਟ ਦੇ ਵਿਚ-ਵਿਚ ਹੱਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ਼ ਭਰ ਵਿਚ 6041 ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚੋਂ 4920 ਦਾ ਨਿਪਟਾਰਾ ਕੀਤਾ ਗਿਆ।
ਆਵਾਜਾਈ ਸਬੰਧੀ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ 28094 ਚਲਾਨ ਕਰਕੇ 1,85 ਕਰੋੜ ਰੁਪਏ ਜੁਰਮਾਨੇ ਵਜੋਂ ਵਸੂਲੇ ਗਏ ਹਨ। 
ਇਸ ਤੋਂ ਇਲਾਵਾ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਵੀ 143 ਕੇਸ ਦਰਜ ਕਰਕੇ 143 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਤੋਂ ਇਲਾਵਾ 20 ਲੱਖ ਮਿ.ਲੀ. ਨਾਜਾਇਜ਼ ਸ਼ਰਾਬ, 15145 ਕਿਲੋ ਲਾਹਣ ਬਰਾਮਦ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹੇ ਵਿਚ ਆਏ ਹੜ੍ਹਾਂ ਮੌਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ, ਰਾਹਤ ਸਮੱਗਰੀ ਪਹੁੰਚਾਉਣ ਵਿਚ ਵੀ ਕਪੂਰਥਲਾ ਪੁਲਿਸ ਵਲੋਂ ਸੇਵਾਵਾਂ ਨਿਭਾਈਆਂ ਗਈਆਂ। 
ਸ੍ਰੀ ਤੂਰਾ ਨੇ ਸਾਲ 2025 ਵਿਚ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵੱਖ-ਵੱਖ ਮੌਕਿਆਂ ਉੱਪਰ ਨਿਭਾਈ ਗਈ ਡਿਊਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਲ 2026 ਦੌਰਾਨ ਨਸ਼ੇ ਦਾ ਮੁਕੰਮਲ ਸਫਾਇਆ ਅਤੇ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਨਸ਼ਾ ਪੀੜਤਾਂ ਦੇ ਮੁੜਵਸੇਬੇ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਦੇ ਨਾਲ-ਨਾਲ ਆਮ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋਰ ਅਸਰਦਾਰ ਢੰਗ ਨਾਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇਗਾ।
ਇਸ ਮੌਕੇ ਐਸ.ਪੀ. ਗੁਰਪ੍ਰੀਤ ਸਿੰਘ, ਐਸ.ਪੀ ਪ੍ਰਭਜੋਤ ਸਿੰਘ ਵਿਰਕ ਤੇ ਪੁਲਿਸ ਦੇ ਹੋਰ ਅਧਿਕਾਰੀ ਹਾਜ਼ਰ ਸਨ।

Posted By: Daily Suraj Bureau

Latest News