Daily Suraj

ਪੰਜਾਬੀ

ਊਫਾ ਮੈਡੀਕਲ ਯੂਨੀਵਰਸਿਟੀ ਹੋਸਟਲ ‘ਚ ਹਮਲਾ, 4 ਭਾਰਤੀ ਵਿਦਿਆਰਥੀ ਜ਼ਖ਼ਮੀ

09 Feb, 2026 12:58 PM

ਰੂਸ ਦੇ ਬਸ਼ਕਰਤੋਸਤਾਨ ਗਣਰਾਜ ਵਿੱਚ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਯੂਨੀਵਰਸਿਟੀ ਹੋਸਟਲ ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਮਾਮਲੇ ਵਿੱਚ ਹਮਲਾਵਰ ਦੀ ਪਛਾਣ ਨੌਂਵੀਂ ਜਮਾਤ ਦੇ 15 ਸਾਲਾ ਵਿਦਿਆਰਥੀ ਵਜੋਂ ਹੋਈ ਹੈ। ਘਟਨਾ ਊਫਾ ਸਥਿਤ ਸਟੇਟ ਮੈਡੀਕਲ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੇ ਹੋਸਟਲ ਵਿੱਚ ਵਾਪਰੀ। ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰ ਨੇ ਹੋਸਟਲ ਵਿੱਚ ਦਾਖਲ ਹੋ ਕੇ ਉੱਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਦੌਰਾਨ ਚਾਰ ਭਾਰਤੀ ਵਿਦਿਆਰਥੀਆਂ ਸਮੇਤ ਕੁੱਲ ਛੇ ਲੋਕ ਜ਼ਖ਼ਮੀ ਹੋਏ। ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਐਤਵਾਰ ਨੂੰ ਮਿਲੀ ਅਪਡੇਟ ਮੁਤਾਬਕ ਜ਼ਖ਼ਮੀ ਭਾਰਤੀ ਵਿਦਿਆਰਥੀਆਂ ਦੀ ਹਾਲਤ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਜਾਰੀ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰੀ ਦੌਰਾਨ ਹਮਲਾਵਰ ਨੇ ਵਿਰੋਧ ਕੀਤਾ ਅਤੇ ਦੋ ਪੁਲਿਸ ਅਧਿਕਾਰੀਆਂ ਅਤੇ ਹੋਸਟਲ ਦੇ ਇੱਕ ਸੁਰੱਖਿਆ ਕਰਮੀ ਨੂੰ ਵੀ ਜ਼ਖ਼ਮੀ ਕਰ ਦਿੱਤਾ। ਹਮਲਾਵਰ ਖੁਦ ਵੀ ਜ਼ਖ਼ਮੀ ਹੋਇਆ ਅਤੇ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਦੇ ਕਾਰਨਾਂ ਦੀ ਪੜਤਾਲ ਜਾਰੀ ਹੈ।

Posted By: Daily Suraj Bureau

Latest News