Daily Suraj

ਪੰਜਾਬੀ

ਪੰਜਾਬੀ ਸਾਹਿਤ ਅਕਾਦਮੀ ਚੋਣਾਂ: ਡਾ. ਸਰਬਜੀਤ ਸਿੰਘ ਨੇ ਅਮਰ ਗਰਗ ਕਲਮਦਾਨ ਨੂੰ ਵੱਡੇ ਫਰਕ ਨਾਲ ਹਰਾਇਆ

16 Mar, 2026 08:14 AM

ਲੁਧਿਆਣਾ ਵਿੱਚ ਪੰਜਾਬੀ ਲੇਖਕਾਂ ਦੀ ਪ੍ਰਮੁੱਖ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਧਾਨਗੀ ਲਈ ਹੋਈ ਚੋਣ ਵਿੱਚ ਡਾ. ਸਰਬਜੀਤ ਸਿੰਘ ਨੇ ਵੱਡੀ ਜਿੱਤ ਦਰਜ ਕਰਦੇ ਹੋਏ ਲਗਾਤਾਰ ਦੂਜੀ ਵਾਰ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ ਹੈ। ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਅਮਰ ਗਰਗ ਕਲਮਦਾਨ ਨੂੰ 491 ਵੋਟਾਂ ਦੇ ਫਰਕ ਨਾਲ ਹਰਾਇਆ। ਚੋਣ ਨਤੀਜਿਆਂ ਅਨੁਸਾਰ ਡਾ. ਸਰਬਜੀਤ ਸਿੰਘ ਨੂੰ ਕੁੱਲ 526 ਵੋਟਾਂ ਪ੍ਰਾਪਤ ਹੋਈਆਂ, ਜਦਕਿ ਅਮਰ ਗਰਗ ਕਲਮਦਾਨ ਨੂੰ ਕੇਵਲ 35 ਵੋਟਾਂ ਮਿਲੀਆਂ। ਅਕਾਦਮੀ ਦੇ ਹੋਰ ਸਾਰੇ ਅਹੁਦਿਆਂ ਲਈ ਪਹਿਲਾਂ ਹੀ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਐਲਾਨੇ ਜਾ ਚੁੱਕੇ ਸਨ, ਇਸ ਲਈ ਇਸ ਵਾਰ ਸਿਰਫ਼ ਪ੍ਰਧਾਨ ਦੇ ਅਹੁਦੇ ਲਈ ਹੀ ਵੋਟਿੰਗ ਕਰਵਾਈ ਗਈ। ਪੰਜਾਬੀ ਭਵਨ ਦੇ ਵਿਹੜੇ ਵਿੱਚ ਸਵੇਰੇ 8 ਵਜੇ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ ਜੋ ਦੁਪਹਿਰ 3 ਵਜੇ ਤੱਕ ਜਾਰੀ ਰਹੀ। ਮੀਂਹ ਵਾਲੇ ਮੌਸਮ ਦੇ ਬਾਵਜੂਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਲੇਖਕ ਆਪਣੇ ਮਨਪਸੰਦ ਉਮੀਦਵਾਰ ਨੂੰ ਵੋਟ ਪਾਉਣ ਲਈ ਉਤਸ਼ਾਹ ਨਾਲ ਪਹੁੰਚੇ। ਵੋਟਿੰਗ ਦੌਰਾਨ ਪੰਜਾਬੀ ਭਵਨ ਵਿੱਚ ਦਿਨ ਭਰ ਲੇਖਕਾਂ ਦੀ ਚਹਿਲ-ਪਹਿਲ ਰਹੀ ਅਤੇ ਸਾਹਿਤਕ ਵਰਗਾਂ ਵਿੱਚ ਚੋਣਾਂ ਨੂੰ ਲੈ ਕੇ ਚਰਚਾ ਵੀ ਚੱਲਦੀ ਰਹੀ। ਦੁਪਹਿਰ ਬਾਅਦ ਕਰੀਬ 4 ਵਜੇ ਚੋਣ ਨਤੀਜਿਆਂ ਦਾ ਰਸਮੀ ਐਲਾਨ ਕੀਤਾ ਗਿਆ। ਮੁੱਖ ਚੋਣ ਅਧਿਕਾਰੀ ਵਿਜੈ ਕੁਮਾਰ ਦੱਤਾ ਅਤੇ ਸਹਾਇਕ ਚੋਣ ਅਧਿਕਾਰੀ ਡਾ. ਬਲਵਿੰਦਰ ਸਿੰਘ ਔਲਖ ਅਲੈਕਸੇਈ ਅਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਧਾਨ ਦੇ ਅਹੁਦੇ ਲਈ ਕੁੱਲ 569 ਵੋਟਾਂ ਪਈਆਂ, ਜਿਨ੍ਹਾਂ ਵਿੱਚੋਂ 8 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਅਕਾਦਮੀ ਦੇ ਹੋਰ ਅਹੁਦਿਆਂ ਲਈ ਪਹਿਲਾਂ ਹੀ ਸਰਬਸੰਮਤੀ ਬਣ ਚੁੱਕੀ ਸੀ। ਇਸ ਤਹਿਤ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ ਜਨਰਲ ਸਕੱਤਰ ਅਤੇ ਡਾ. ਪਾਲ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਮੀਤ ਪ੍ਰਧਾਨਾਂ ਵਜੋਂ ਜਸਪਾਲ ਮਾਨਖੇੜਾ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਰਚਰਨ ਕੌਰ ਕੋਚਰ, ਡਾ. ਅਰਵਿੰਦਰ ਕੌਰ ਕਾਕੜਾ ਅਤੇ ਸੁਰਿੰਦਰ ਨੀਰ ਬਿਨਾਂ ਮੁਕਾਬਲਾ ਜੇਤੂ ਰਹੇ। ਇਸੇ ਤਰ੍ਹਾਂ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਜੋਂ ਡਾ. ਹਰੀ ਸਿੰਘ ਜਾਚਕ, ਭੁਪਿੰਦਰ ਸਿੰਘ ਸੰਧੂ, ਸੰਜੀਵਨ ਸਿੰਘ, ਸਿਮਰਜੀਤ ਕੌਰ ਗਿੱਲ, ਤਰਸਪਾਲ ਕੌਰ, ਮਨਜਿੰਦਰ ਸਿੰਘ ਧਨੋਆ, ਪ੍ਰਭਜੋਤ ਸੋਹੀ, ਨਵਤੇਜ ਗੜ੍ਹਦੀਵਾਲਾ, ਡਾ. ਹਰਵਿੰਦਰ ਸਿੰਘ ਸਿਰਸਾ, ਅੰਮੀਆ ਕੁੰਵਰ, ਤਰੈਲੋਚਨ ਲੋਚੀ, ਰਜਿੰਦਰ ਸਿੰਘ ਰਾਜਨ, ਦੀਪ ਜਗਦੀਪ ਸਿੰਘ, ਮੱਖਣ ਮਾਨ ਅਤੇ ਰੋਜ਼ੀ ਸਿੰਘ ਨੂੰ ਬਿਨਾਂ ਮੁਕਾਬਲੇ ਚੁਣਿਆ ਗਿਆ ਹੈ।

Posted By: Daily Suraj Bureau

Latest News