ਇੰਡੋਰ ਜ਼ਿਪਲਾਈਨ ਹਾਦਸਾ: ਹਾਰਨੈੱਸ ਟੁੱਟਣ ਨਾਲ 11 ਸਾਲਾ ਬੱਚਾ ਗੰਭੀਰ ਜ਼ਖ਼ਮੀ
ਸਕਾਰਬਰੋ ਸਥਿਤ ਐਰੋਸਪੋਰਟਸ ਟਰੈਂਪੋਲਿਨ ਪਾਰਕ ਵਿੱਚ ਇੱਕ ਇੰਡੋਰ ਜ਼ਿਪਲਾਈਨ ਰਾਈਡ ਦੌਰਾਨ ਹਾਦਸਾ ਵਾਪਰ ਗਿਆ, ਜਿਸ ਵਿੱਚ 11 ਸਾਲਾ ਲੜਕਾ ਰਾਮਿਨ ਕਈ ਮੀਟਰ ਉਚਾਈ ਤੋਂ ਹੇਠਾਂ ਡਿੱਗ ਕੇ ਜ਼ਖ਼ਮੀ ਹੋ ਗਿਆ। ਹਾਦਸੇ ਦਾ ਕਾਰਨ ਜ਼ਿਪਲਾਈਨ ਦੀ ਸੁਰੱਖਿਆ ਹਾਰਨੈੱਸ ਟੁੱਟਣਾ ਦੱਸਿਆ ਜਾ ਰਿਹਾ ਹੈ। ਰਾਮਿਨ ਦੀ ਮਾਂ ਮੋਨਾ ਅਜ਼ੀਜ਼ੀ ਨੇ ਦੱਸਿਆ ਕਿ ਰਾਈਡ ਤੋਂ ਪਹਿਲਾਂ ਉਸ ਦਾ ਪੁੱਤਰ ਆਪਣੀ ਸੁਰੱਖਿਆ ਰੱਸੀ ਨੂੰ ਧਿਆਨ ਨਾਲ ਜਾਂਚ ਰਿਹਾ ਸੀ, ਕਿਉਂਕਿ ਉਹ ਡਰ ਰਿਹਾ ਸੀ ਕਿ ਕਿਤੇ ਇਹ ਟੁੱਟ ਨਾ ਜਾਵੇ। ਪਰ ਦੁੱਖ ਦੀ ਗੱਲ ਹੈ ਕਿ ਰਾਈਡ ਦੌਰਾਨ ਉਸ ਦਾ ਇਹ ਡਰ ਸੱਚ ਹੋ ਗਿਆ ਅਤੇ ਹਾਰਨੈੱਸ ਅਚਾਨਕ ਟੁੱਟ ਗਈ, ਜਿਸ ਕਾਰਨ ਰਾਮਿਨ ਸਿੱਧਾ ਹੇਠਾਂ ਕੰਕਰੀਟ ਫਰਸ਼ ’ਤੇ ਡਿੱਗ ਪਿਆ। ਹਾਦਸੇ ਤੋਂ ਤੁਰੰਤ ਬਾਅਦ ਰਾਮਿਨ ਦੀ ਮਾਂ ਅਤੇ ਮੌਕੇ ’ਤੇ ਮੌਜੂਦ ਲੋਕ ਉਸ ਦੀ ਮਦਦ ਲਈ ਦੌੜੇ। ਬੱਚਾ ਕਾਫ਼ੀ ਸਮੇਂ ਤੱਕ ਜ਼ਮੀਨ ’ਤੇ ਪਿਆ ਰਿਹਾ ਜਦ ਤੱਕ ਪੈਰਾਮੈਡਿਕਸ ਮੌਕੇ ’ਤੇ ਨਹੀਂ ਪਹੁੰਚੇ। ਬਾਅਦ ਵਿੱਚ ਉਸਨੂੰ ਤੁਰੰਤ ਚਿਕਿਤਸਾ ਸਹਾਇਤਾ ਦਿੱਤੀ ਗਈ। ਪਰਿਵਾਰ ਨੇ ਦੱਸਿਆ ਕਿ ਰਾਮਿਨ ਹੁਣ ਘਰ ਵਿੱਚ ਅਰਾਮ ਕਰ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਰਾਮਿਨ ਦੇ ਪਿਤਾ ਅਹਿਮਦ ਸਾਦਿਰ ਨੇ ਕਿਹਾ ਹੈ ਕਿ ਉਹ ਇਸ ਘਟਨਾ ਲਈ ਜਵਾਬਾਂ ਦੀ ਤਲਾਸ਼ ਕਰ ਰਹੇ ਹਨ ਅਤੇ ਜਾਣਨਾ ਚਾਹੁੰਦੇ ਹਨ ਕਿ ਬੱਚਿਆਂ ਲਈ ਬਣਾਈ ਗਈ ਰਾਈਡ ਵਿੱਚ ਅਜਿਹਾ ਖ਼ਤਰਨਾਕ ਹਾਦਸਾ ਕਿਵੇਂ ਵਾਪਰ ਸਕਦਾ ਹੈ।
Posted By: Daily Suraj Bureau