Daily Suraj

ਪੰਜਾਬੀ

ਡੇਰਾਬੱਸੀ ਅਦਾਲਤ ਦਾ ਫੈਸਲਾ: ‘ਆਪ’ ਵਿਧਾਇਕਾ ਦੇ ਪਤੀ ਸਮੇਤ ਤਿੰਨ ਨੂੰ 2 ਸਾਲ ਕੈਦ

17 Mar, 2026 07:10 AM

ਡੇਰਾਬੱਸੀ ਦੀ ਅਦਾਲਤ ਨੇ ਸਾਲ 2018 ਦੇ ਚੈੱਕ ਬਾਊਂਸ ਮਾਮਲੇ ਵਿੱਚ ਇੱਕ ਹਾਊਸਿੰਗ ਪ੍ਰੋਜੈਕਟ ਫਰਮ ਨਾਲ ਜੁੜੇ ਤਿੰਨ ਭਾਈਵਾਲਾਂ ਨੂੰ ਦੋ-ਦੋ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਸਜ਼ਾ ਪਾਉਣ ਵਾਲਿਆਂ ਵਿੱਚ ਖਰੜ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਨਮੋਲ ਗਗਨ ਮਾਨ ਦੇ ਪਤੀ ਸ਼ਹਿਬਾਜ਼ ਸਿੰਘ ਸੋਹੀ ਵੀ ਸ਼ਾਮਲ ਹਨ। ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਤਿੰਨਾਂ ਦੋਸ਼ੀਆਂ—ਸ਼ਹਿਬਾਜ਼ ਸਿੰਘ ਸੋਹੀ (ਸੈਕਟਰ-3 ਨਿਵਾਸੀ), ਨਛੱਤਰ ਸਿੰਘ (ਨਾਰਾਇਣਗੜ੍ਹ) ਅਤੇ ਜਤਿੰਦਰ ਸਿੰਘ (ਜ਼ੀਰਕਪੁਰ)—ਨੂੰ ਜ਼ਮਾਨਤ ਵੀ ਦੇ ਦਿੱਤੀ ਗਈ। ਮਾਮਲੇ ਦੀ ਪਿਛੋਕੜ: ਇਹ ਕੇਸ ਪੰਚਕੂਲਾ ਦੇ ਸੈਕਟਰ-21 ਨਿਵਾਸੀ ਕਮਲਜੀਤ ਸਿੰਘ ਵੱਲੋਂ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤ ਵਿੱਚ M/S Platinum Smart Buildcon LLP ਅਤੇ ਇਸ ਦੇ ਤਿੰਨ ਭਾਈਵਾਲਾਂ ਨੂੰ ਨੇਗੋਸ਼ੀਏਬਲ ਇੰਸਟ੍ਰੂਮੈਂਟ ਐਕਟ ਦੀ ਧਾਰਾ 138 ਅਤੇ 142 ਨਾਲ ਨਾਲ ਆਈਪੀਸੀ ਦੀ ਧਾਰਾ 420 ਤਹਿਤ ਘੇਰਿਆ ਗਿਆ ਸੀ। ਸ਼ਿਕਾਇਤਕਰਤਾ ਦੇ ਅਨੁਸਾਰ, ਉਕਤ ਫਰਮ ਨਾਲ ਰਾਜਪੁਰਾ ਦੇ ‘ਸਿਲਵਰ ਸਿਟੀ’ ਪ੍ਰੋਜੈਕਟ ਵਿੱਚ ਪਲਾਟਾਂ ਦੀ ਖਰੀਦ-ਫਰੋਖ਼ਤ ਸਬੰਧੀ ਇਕ ਸੌਦਾ ਕੀਤਾ ਗਿਆ ਸੀ, ਜੋ ਪੂਰਾ ਨਹੀਂ ਹੋ ਸਕਿਆ। ਇਸ ਦੇ ਬਦਲੇ ਵਿੱਚ ਮੁਲਜ਼ਮਾਂ ਵੱਲੋਂ 3.5 ਕਰੋੜ ਰੁਪਏ ਦਾ ਚੈੱਕ ਦਿੱਤਾ ਗਿਆ, ਜੋ ਬੈਂਕ ਵਿੱਚ ਪੇਸ਼ ਕਰਨ ’ਤੇ ਬਾਊਂਸ ਹੋ ਗਿਆ। ਵਿਧਾਇਕਾ ਨਾਲ ਸੰਬੰਧ: ਗੌਰਤਲਬ ਹੈ ਕਿ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਦਾ ਵਿਆਹ 16 ਜੂਨ 2024 ਨੂੰ ਐਡਵੋਕੇਟ ਸ਼ਹਿਬਾਜ਼ ਸਿੰਘ ਸੋਹੀ ਨਾਲ ਹੋਇਆ ਸੀ। ਵਿਆਹ ਦੇ ਸਮੇਂ ਅਨਮੋਲ ਗਗਨ ਮਾਨ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾ ਰਹੇ ਸਨ।

Posted By: Daily Suraj Bureau

Latest News