Daily Suraj

ਪੰਜਾਬੀ

ਜਿਲਾ ਕਚਹਿਰੀ ਅੱਗੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ- ਡੀਐਸਪੀ ਬਡੁੰਗਰ

12 Mar, 2026 01:59 PM

ਜ਼ਿਲ੍ਹਾ ਕਚਹਿਰੀ ਅੱਗੇ ਨੌ ਪਾਰਕਿੰਗ ਦੇ ਲਗਾਏ ਬੋਰਡ ( ਮੁਖ਼ਤਿਆਰ ਸਿੰਘ) ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਟਰੈਫਿਕ ਪੁਲਿਸ ਦੇ ਡੀਐਸਪੀ ਇੰਦਰਪ੍ਰੀਤ ਸਿੰਘ ਬਡੂੰਗਰ ਨੇ ਜਿਲਾ ਕਚਹਿਰੀ ਅੱਗੇ ‘ਨੋ ਪਾਰਕਿੰਗ’ ਦੇ ਬੋਰਡ ਲਗਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਸਰਹਿੰਦ-ਚੰਡੀਗੜ੍ਹ ਰੋਡ ਉੱਤੇ ਜਿਲਾ ਕਚਹਿਰੀ ਅੱਗੇ ਸੜਕ ‘ਤੇ ਖੜੀਆਂ ਗੱਡੀਆਂ ਟਰੈਫਿਕ ਵਿੱਚ ਵਿਘਨ ਪਾਉਂਦੀਆਂ ਹਨ ਅਤੇ ਕਈ ਵਾਰ ਇਸ ਕਾਰਣ ਹਾਦਸੇ ਵਾਪਰਦੇ ਹਨ। ਇਸ ਲਈ ਇਥੇ ‘ਨੋ ਪਾਰਕਿੰਗ’ ਦੇ ਬੋਰਡ ਲਗਾਏ ਗਏ ਹਨ ਤਾਂ ਜੋ ਕੋਈ ਵੀ ਵਿਅਕਤੀ ਸੜਕ ਤੇ ਗੱਡੀ ਖੜੀ ਨਾ ਕਰੇ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਜ਼ਾਰਾਂ ਵਿੱਚ ਸੜਕਾ ‘ਤੇ ਵਾਹਨ ਖੜੇ ਕਰਨ ਵਾਲੇ, ਜੁਗਾੜੂ ਮੋਟਰਸਾਈਕਲ ਰੇੜੀਆਂ ਚਲਾਉਣ ਵਾਲੇ, ਮੋਟਰਸਾਈਕਲਾਂ ਤੇ ਪਟਾਕੇ ਮਾਰਨ ਵਾਲੇ, ਵਾਹਨਾਂ ਨੂੰ ਮੋਡੀਫਾਈ ਕਰਕੇ ਚਲਾਉਣ ਵਾਲੇ, ਸਕੂਲ ਬੱਸਾਂ ਵਿੱਚ ਵੱਧ ਬੱਚਿਆਂ ਨੂੰ ਲਿਜਾਣ ਵਾਲੇ, ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਚੌਂਕਾਂ ਵਿਚ ਖਾਣ-ਪੀਣ ਦੇ ਸਮਾਨ ਦੀਆਂ ਰੇਹੜੀਆਂ ਲਗਾ ਕੇ ਜਾਮ ਲਗਾਉਣ ਵਾਲਿਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਸਿਆ ਕਿ ਪੁਲਿਸ ਵੱਲੋਂ ‘ਟੋ ਵੈਨ’ ਦਾ ਇੰਤਜ਼ਾਮ ਕੀਤਾ ਜਾ ਰਿਹਾ ਹੈ ਜੇਕਰ ਕੋਈ ਸੜਕ ਤੇ ਵਾਹਨ ਖੜਾ ਕਰੇਗਾ ਤਾਂ ਉਸ ਦਾ ਵਾਹਨ ਚੁੱਕ ਕੇ ਉਸ ਦਾ ਚਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੈਫਿਕ ਪੁਲਿਸ ਵੱਲੋਂ ਇੱਕ ਮਹੀਨੇ ਵਿੱਚ 10,340 ਚਲਾਨ ਕੀਤੇ ਗਏ। ਇਸ ਮੌਕੇ ਜਿਲ੍ਹਾ ਟਰੈਫਿਕ ਪੁਲਿਸ ਦੇ ਇੰਚਾਰਜ ਸੁਰਿੰਦਰ ਕੁਮਾਰ ਅਤੇ ਰਾਜਵਿੰਦਰ ਸਿੰਘ ਇੰਚਾਰਜ ਸਰਹਿੰਦ ਆਦਿ ਹਾਜ਼ਰ ਸਨ।

Posted By: Daily Suraj Bureau

Latest News