ਸਾਬਕਾ ਐਨਐਫਐਲ ਖਿਡਾਰੀ ਅਲਫੌਂਸੋ ਸਮਿਥ 40 ਸਾਲ ਦੀ ਉਮਰ ਵਿੱਚ ਦਿਹਾਂਤ
ਫਲੋਰਿਡਾ ਦੇ ਪਾਹੋਕੀ ਸ਼ਹਿਰ ਨਾਲ ਸੰਬੰਧਤ ਸਾਬਕਾ ਐਨਐਫਐਲ ਖਿਡਾਰੀ ਅਲਫੌਂਸੋ ਸਮਿਥ ਦਾ 40 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਵੇਕ ਫੌਰੈਸਟ ਯੂਨੀਵਰਸਿਟੀ ਨੇ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਯੂਨੀਵਰਸਿਟੀ ਮੁਤਾਬਕ ਪਰਿਵਾਰ ਨੇ ਇਸ ਬਾਰੇ ਜਾਣਕਾਰੀ ਦਿੱਤੀ, ਹਾਲਾਂਕਿ ਸ਼ੁਰੂਆਤੀ ਬਿਆਨ ਵਿੱਚ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ। ਪਾਮ ਬੀਚ ਕਾਊਂਟੀ ਸ਼ੈਰਿਫ਼ ਦਫ਼ਤਰ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਪਾਹੋਕੀ ਦੇ ਇੱਕ ਪਤੇ ’ਤੇ ਪੁਲਿਸ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਬਾਰੇ ਸੂਚਨਾ ਮਿਲੀ ਸੀ। ਇੱਕ ਬਾਲਗ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੇ ਸੱਟਾਂ ਕਾਰਨ ਦਮ ਤੋੜ ਦਿੱਤਾ। ਉਸੇ ਦਿਨ ਸਮਿਥ ਦੇ ਫੇਸਬੁੱਕ ਖਾਤੇ ’ਤੇ ਮਾਨਸਿਕ ਸਿਹਤ ਨਾਲ ਜੂਝਣ ਬਾਰੇ ਇੱਕ ਭਾਵੁਕ ਪੋਸਟ ਵੀ ਕੀਤੀ ਗਈ ਸੀ। ਅਲਫੌਂਸੋ ਸਮਿਥ ਨੇ 2009 ਵਿੱਚ ਡੈਨਵਰ ਬ੍ਰੋਂਕੋਜ਼ ਨਾਲ ਐਨਐਫਐਲ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਡੈਟਰਾਇਟ ਲਾਇਨਜ਼ ਲਈ ਖੇਡੇ। ਲਾਇਨਜ਼ ਨਾਲ ਦੋ ਸੀਜ਼ਨਾਂ ਦੌਰਾਨ ਉਨ੍ਹਾਂ ਨੇ 33 ਮੈਚਾਂ ਵਿੱਚ ਹਿੱਸਾ ਲਿਆ ਅਤੇ 8 ਇੰਟਰਸੈਪਸ਼ਨ ਕੀਤੇ, ਜਿਨ੍ਹਾਂ ਵਿੱਚੋਂ ਦੋ ਨੂੰ ਟੱਚਡਾਊਨ ਵਿੱਚ ਬਦਲਿਆ। ਕੁੱਲ ਮਿਲਾ ਕੇ ਉਨ੍ਹਾਂ ਨੇ ਚਾਰ ਸਾਲਾਂ ਵਿੱਚ ਐਨਐਫਐਲ ਦੇ 44 ਮੈਚ ਖੇਡੇ। ਕਾਲਜ ਪੱਧਰ ’ਤੇ ਵੇਕ ਫੌਰੈਸਟ ਲਈ ਸਮਿਥ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 2007 ਵਿੱਚ ਥਰਡ-ਟੀਮ ਏਪੀ ਆਲ-ਅਮਰੀਕਾ ਅਤੇ 2008 ਵਿੱਚ ਫਰਸਟ-ਟੀਮ ਏਪੀ ਆਲ-ਅਮਰੀਕਾ ਸਨਮਾਨ ਹਾਸਲ ਕੀਤਾ। ਆਪਣੇ ਜੱਦੀ ਸ਼ਹਿਰ ਪਾਹੋਕੀ ਵਿੱਚ ਹਾਈ ਸਕੂਲ ਦੌਰਾਨ ਉਹ ਕੁਆਰਟਰਬੈਕ ਅਤੇ ਡਿਫੈਂਸਿਵ ਬੈਕ ਵਜੋਂ ਖੇਡੇ ਅਤੇ 2003 ਵਿੱਚ ਟੀਮ ਨੂੰ ਫਲੋਰਿਡਾ ਸਟੇਟ ਚੈਂਪੀਅਨਸ਼ਿਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਐਨਐਫਐਲ ਤੋਂ ਸੰਨਿਆਸ ਮਗਰੋਂ ਸਮਿਥ ਨੇ ਕੋਚਿੰਗ ਅਤੇ ਖੇਡ ਪ੍ਰਸਾਰਣ ਨਾਲ ਵੀ ਕੰਮ ਕੀਤਾ। ਉਹ ਹਾਈ ਸਕੂਲ ਫੁੱਟਬਾਲ ਕੋਚ ਅਤੇ ਡੀਨ ਆਫ਼ ਸਟੂਡੈਂਟਸ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਸਨ। ਉਨ੍ਹਾਂ ਦੇ ਦਿਹਾਂਤ ਨਾਲ ਫੁੱਟਬਾਲ ਜਗਤ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ।
Posted By: Daily Suraj Bureau