Daily Suraj

ਪੰਜਾਬੀ

ਟੰਬਲਰ ਰਿੱਜ ਹਾਦਸੇ ‘ਤੇ ਕੈਨੇਡਾ ਸੋਗ ‘ਚ, ਸੱਤ ਦਿਨਾਂ ਲਈ ਹਾਫ ਮਾਸਟ ਝੰਡੇ

12 Feb, 2026 09:07 AM

ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿੱਜ ਵਿੱਚ ਵਾਪਰੀ ਭਿਆਨਕ ਸਕੂਲ ਸ਼ੂਟਿੰਗ ਘਟਨਾ ਮਗਰੋਂ ਕੈਨੇਡਾ ਵਿੱਚ ਸੋਗ ਦਾ ਮਾਹੌਲ ਹੈ। ਪਾਰਲੀਆਮੈਂਟ ਹਿੱਲ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਭਾਵੁਕ ਲਹਿਜ਼ੇ ਵਿੱਚ ਐਲਾਨ ਕੀਤਾ ਕਿ ਅਗਲੇ ਸੱਤ ਦਿਨਾਂ ਤੱਕ ਦੇਸ਼ ਭਰ ਦੀਆਂ ਫੈਡਰਲ ਇਮਾਰਤਾਂ ਉੱਤੇ ਝੰਡੇ ਅੱਧੇ ਝੁਕੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਕਦਮ ਮ੍ਰਿਤਕਾਂ ਦੀ ਯਾਦ ਅਤੇ ਪ੍ਰਭਾਵਿਤ ਪਰਿਵਾਰਾਂ ਨਾਲ ਏਕਤਾ ਪ੍ਰਗਟ ਕਰਨ ਲਈ ਚੁੱਕਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਘਟਨਾ ਪੂਰੇ ਦੇਸ਼ ਲਈ ਗਹਿਰਾ ਸਦਮਾ ਹੈ ਅਤੇ ਸਰਕਾਰ ਪੀੜਤਾਂ ਦੇ ਨਾਲ ਖੜ੍ਹੀ ਹੈ। ਜ਼ਿਕਰਯੋਗ ਹੈ ਕਿ ਟੰਬਲਰ ਰਿੱਜ ਦੇ ਇੱਕ ਸਕੂਲ ਵਿੱਚ ਹਥਿਆਰਬੰਦ ਵਿਅਕਤੀ ਨੇ ਦਾਖਲ ਹੋ ਕੇ ਗੋਲੀਆਂ ਚਲਾਈਆਂ, ਜਿਸ ਨਾਲ ਦਸ ਲੋਕਾਂ ਦੀ ਮੌਤ ਹੋ ਗਈ। ਮਸ਼ਕੂਕ ਨੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਹਿੰਸਕ ਘਟਨਾ ਵਿੱਚ ਲਗਭਗ 25 ਹੋਰ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਕਈਆਂ ਦਾ ਇਲਾਜ ਜਾਰੀ ਹੈ। ਇਸ ਦੁਖਦਾਈ ਘਟਨਾ ‘ਤੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਦੁੱਖ ਪ੍ਰਗਟਾਇਆ ਗਿਆ। ਬ੍ਰਿਟੇਨ, ਫਰਾਂਸ, ਭਾਰਤ, ਫਿਨਲੈਂਡ, ਨੌਰਵੇਅ ਅਤੇ ਆਸਟਰੇਲੀਆ ਸਮੇਤ ਕਈ ਦੇਸ਼ਾਂ ਦੇ ਆਗੂਆਂ ਨੇ ਹਮਦਰਦੀ ਜਤਾਈ। ਕਿੰਗ ਚਾਰਲਸ ਵੱਲੋਂ ਵੀ ਸੰਵੇਦਨਾ ਸੰਦੇਸ਼ ਭੇਜਿਆ ਗਿਆ। ਦੇਸ਼ ਦੇ ਰਾਜਨੀਤਿਕ ਆਗੂਆਂ ਨੇ ਵੀ ਇਕਜੁੱਟ ਹੋ ਕੇ ਦੁੱਖ ਜਤਾਇਆ। ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵ, ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਅਤੇ ਐਨਡੀਪੀ ਦੇ ਅੰਤਰਿਮ ਆਗੂ ਡੌਨ ਡੇਵੀਜ਼ ਨੇ ਪੀੜਤਾਂ ਨਾਲ ਹਮਦਰਦੀ ਜਤਾਈ। ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਨੇ ਸੂਬੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਮਜ਼ਦਾ ਪਰਿਵਾਰਾਂ ਦੇ ਨਾਲ ਖੜ੍ਹਨ ਅਤੇ ਇਸ ਮੁਸ਼ਕਲ ਵੇਲੇ ਇੱਕਜੁੱਟਤਾ ਦਿਖਾਉਣ।

Posted By: Daily Suraj Bureau

Latest News