Daily Suraj

ਪੰਜਾਬੀ

ਬੱਸਾਂ ਦੇ ਰੰਗ ਮਾਮਲੇ ‘ਤੇ ਭਗਵੰਤ ਮਾਨ ਦਾ ਵਿਰੋਧੀਆਂ ਨੂੰ ਜਵਾਬ, ਕੇਂਦਰ ਦੀ ਵਿਦੇਸ਼ ਨੀਤੀ ‘ਤੇ ਵੀ ਸਵਾਲ

07 Mar, 2026 02:17 PM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੇਂਦਰ ਸਰਕਾਰ ਦੀ ਵਿਦੇਸ਼ ਨੀਤੀ ‘ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਕੇਂਦਰ ਨੇ ਦੇਸ਼ ਦੀ ਪ੍ਰਭੂਸੱਤਾ ਨੂੰ ਅਮਰੀਕਾ ਅੱਗੇ ਝੁਕਾ ਦਿੱਤਾ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਾਨ ਨੇ ਇਹ ਟਿੱਪਣੀ ਉਸ ਵੇਲੇ ਕੀਤੀ ਜਦੋਂ ਉਨ੍ਹਾਂ ਤੋਂ ਅਮਰੀਕਾ ਵੱਲੋਂ ਭਾਰਤ ਨੂੰ ਰੂਸੀ ਤੇਲ ਖਰੀਦਣ ਦੀ ਇਜਾਜ਼ਤ ਦੇਣ ਬਾਰੇ ਪੁੱਛਿਆ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਭਾਜਪਾ ਆਪਣੇ ਆਗੂਆਂ ਨੂੰ “ਵਿਸ਼ਵ ਗੁਰੂ” ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ, ਪਰ ਅਸਲ ਵਿੱਚ ਉਹ “ਵਿਸ਼ਵ ਚੇਲੇ” ਬਣ ਕੇ ਰਹਿ ਗਏ ਹਨ। ਉਨ੍ਹਾਂ ਸਵਾਲ ਕੀਤਾ, “ਕੀ ਹੁਣ ਸਾਨੂੰ ਹਰ ਚੀਜ਼ ਲਈ ਵ੍ਹਾਈਟ ਹਾਊਸ ਤੋਂ ਇਜਾਜ਼ਤ ਲੈਣੀ ਪਵੇਗੀ? ਕੀ ਭਾਰਤ ਦੀ ਪ੍ਰਭੂਸੱਤਾ ਖ਼ਤਮ ਹੋ ਗਈ ਹੈ? ਪ੍ਰਧਾਨ ਮੰਤਰੀ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।” ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ 10 ਮਾਰਚ ਨੂੰ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿਜਲੀ ਸੋਧ ਬਿੱਲ ਦਾ ਡਟ ਕੇ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਬਿਜਲੀ, ਸਿਹਤ ਅਤੇ ਸਿੱਖਿਆ ਵਰਗੇ ਮਾਮਲੇ ਰਾਜਾਂ ਦੇ ਵਿਸ਼ੇ ਹਨ ਅਤੇ ਰਾਜ ਦੇ ਅਧਿਕਾਰਾਂ ਵਿੱਚ ਕੇਂਦਰ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਟਰਾਂਸਪੋਰਟ ਬੱਸਾਂ ਨੂੰ ‘ਆਪ’ ਦੇ ਪੀਲੇ ਅਤੇ ਨੀਲੇ ਰੰਗਾਂ ਵਿੱਚ ਰੰਗਣ ਬਾਰੇ ਵਿਰੋਧੀਆਂ ਵੱਲੋਂ ਉਠਾਏ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬੱਸਾਂ ਨਿੱਜੀ ਹਨ ਅਤੇ ਕਿਲੋਮੀਟਰ ਸਕੀਮ ਤਹਿਤ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੱਸ ਅਪਰੇਟਰ ਆਪਣੀ ਮਰਜ਼ੀ ਅਨੁਸਾਰ ਕਿਸੇ ਵੀ ਰੰਗ ਦੀ ਚੋਣ ਕਰਨ ਲਈ ਸੁਤੰਤਰ ਹਨ। ਮਾਨ ਨੇ ਵਿਰੋਧੀਆਂ ‘ਤੇ ਤਨਜ਼ ਕਰਦਿਆਂ ਕਿਹਾ ਕਿ ਜੋ ਲੋਕ ਇਸ ਮਾਮਲੇ ‘ਤੇ ਸਵਾਲ ਉਠਾ ਰਹੇ ਹਨ, ਉਹ ਪਹਿਲਾਂ ਜਨਤਾ ਨੂੰ ਇਹ ਦੱਸਣ ਕਿ ਉਨ੍ਹਾਂ ਨੇ ਹਰੀਕੇ ਲਈ ਖਰੀਦੀਆਂ ਐਂਫੀਬਿਅਸ ਬੱਸਾਂ ਅਤੇ ਰਾਜ ਸਰਕਾਰ ਦੇ ਹੈਲੀਕਾਪਟਰ ਨੂੰ ਅਕਾਲੀ ਰੰਗਾਂ ਵਿੱਚ ਕਿਉਂ ਰੰਗਿਆ ਸੀ।

Posted By: Daily Suraj Bureau

Latest News