Daily Suraj

ਪੰਜਾਬੀ

ਕਣਕ ਦੀ ਲਿਫਟਿੰਗ ਨਾ ਹੋਣ ’ਤੇ ਅੱਕੇ ਮਜ਼ਦੂਰਾਂ ਨੇ ਮੰਡੀ ਦੇ ਗੇਟ ਬੰਦ ਕਰਕੇ ਲਾਇਆ ਧਰਨਾ

14 May, 2025 12:12 AM

ਮਲੋਟ : ਮਲੋਟ ਮੰਡੀ ’ਚ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਅੱਜ ਮਜ਼ਦੂਰਾਂ ਨੇ ਅਨਾਜ ਮੰਡੀ ਮਲੋਟ ਦੇ ਸਾਰੇ ਗੇਟ ਬੰਦ ਕਰਕੇ ਮੁੱਖ ਗੇਟ ’ਤੇ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਮੰਡੀ ਮਜ਼ਦੂਰਾਂ ਨੇ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਸਰਕਾਰ ਕਣਕ ਦੀ ਲਿਫਟਿੰਗ ਜਲਦੀ ਕਰੇ ਤਾਂ ਜੋ ਮਜ਼ਦੂਰ ਵਿਹਲੇ ਹੋ ਕੇ ਆਪਣਾ ਕੋਈ ਹੋਰ ਕੰਮ ਕਰ ਸਕਣ। ਮਜ਼ਦੂਰ ਯੂਨੀਅਨ ਅਨਾਜ ਮੰਡੀ ਮਲੋਟ ਦੇ ਪ੍ਰਧਾਨ ਸੰਦੀਪ ਭਵਨੀਆਂ ਨੇ ਦੱਸਿਆ ਕਿ ਮੰਡੀਆਂ ’ਚ ਲਗਭਗ 25 ਲੱਖ ਗੱਟਾ ਕਣਕ ਅਜੇ ਤੱਕ ਵੀ ਪਈ ਹੈ ਤੇ ਲਿਫਟਿੰਗ ਨਾ ਹੋਣ ਵਾਲੀ ਕਣਕ ਦੀ ਰਾਖੀ ਉਨ੍ਹਾਂ ਨੇ ਕਾਨੂੰਨ ਤਾਂ 72 ਘੰਟਿਆਂ ਤੱਕ ਹੀ ਕਰਨੀ ਹੁੰਦੀ ਹੈ ਪਰ ਹੁਣ 15 ਤੋਂ 20 ਦਿਨ ਹੋ ਗਏ ਹਨ ਪਰ ਫਿਰ ਵੀ ਉਹ ਇਸ ਕਣਕ ਦੀ ਰਾਖੀ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਚੋਰੀਆਂ ਕਰਨੀਆਂ ਵਾਰਦਾਤਾਂ ਵੀ ਵੱਧ ਰਹੀਆਂ ਹਨ ਤੇ ਉਨ੍ਹਾਂ ਨੂੰ ਹੋਰ ਵਧੇਰੇ ਚੌਕਸ ਹੋ ਕੇ ਰਹਿਣਾ ਪੈ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਦਿਨਾਂ ’ਚ ਮੀਂਹ ਹੋਣ ਕਰਕੇ ਕਣਕ ਦੇ ਬਹੁਤੇ ਗੱਟੇ ਥੱਲਿਓਂ ਭਿੱਜ ਗਏ ਹਨ ਜਿਸ ਕਰਕੇ ਲਗਭਗ ਤਿੰਨ ਹਿੱਸੇ ਗੱਡੀਆਂ ਗੁਦਾਮਾਂ ਵਿੱਚੋਂ ਕਣਕ ਭਿੱਜੀ ਕਹਿ ਕੇ ਵਾਪਸ ਵੀ ਕੀਤੀ ਜਾ ਰਹੀ ਹੈ ਇਸਨੂੰ ਦੁਬਾਰਾ ਮੰਡੀਆਂ ਵਿੱਚ ਲਿਆਉਣ ਕਰਕੇ ਕੰਮ ਵਧ ਰਿਹਾ ਹੈ। 

ਪ੍ਰਧਾਨ ਨੇ ਕਿਹਾ ਕਿ ਬਹੁਤੇ ਮਜ਼ਦੂਰ ਪ੍ਰਵਾਸੀ ਨੇ ਜਿਨਾਂ ਨੇ 10-10 ਹਜ਼ਾਰ ਰੁਪਏ ਦੀ ਕਮਾਈ ਕੀਤੀ ਹੋਣੀ ਹੈ ਅਤੇ ਉਹ ਇੱਥੇ ਹੀ ਬੈਠੇ ਖਾ ਰਹੇ ਹਨ ਘਰ ਲਿਜਾਣ ਵਾਸਤੇ ਉਨ੍ਹਾਂ ਕੋਲ ਕੁਝ ਵੀ ਨਹੀਂ ਬਚਿਆ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ ਸੈਲੋ ਕੰਪਨੀ ਦੇ ਗੋਦਾਮ ਹੀ ਖੁੱਲੇ ਹਨ ਅਤੇ ਉਨ੍ਹਾਂ ਕੋਲ ਵੀ ਨਾ-ਮਾਤਰ ਲੇਬਰ ਹੋਣ ਕਰਕੇ ਲੰਬੀਆਂ ਲਾਈਨਾਂ ਲੱਗੀਆਂ ਹਨ। ਮਜ਼ਦੂਰ ਯੂਨੀਅਨ ਦੇ ਸਕੱਤਰ ਸੂਰਜ ਕੁਮਾਰ ਨੇ ਵੀ ਮੰਗ ਕੀਤੀ ਕਿ ਲਿਫਟਿੰਗ ਵਾਲਾ ਮਸਲਾ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਮਜ਼ਦੂਰ ਸੁਖ ਦਾ ਸਾਹ ਲੈ ਲੈਣ। ਹੋਰ ਮਜ਼ਦੂਰਾਂ ਨੇ ਵੀ ਇਸ ਮੌਕੇ ਕਿਹਾ ਕਿ ਉਹ ਲਿਫਟਿੰਗ ਨਾ ਹੋਣ ਕਰਕੇ ਬੇਹੱਦ ਤੰਗ ਹਨ ਅਤੇ ਆਪਣੇ ਘਰਾਂ ਨੂੰ ਵਾਪਸ ਜਾਣ ਤੋਂ ਬੈਠੇ ਹਨ।

ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਦੇ ਰੋਟੀ ਪਾਣੀ ਤੇ ਰਹਾਇਸ਼ ਦਾ ਪ੍ਰਬੰਧ ਕਰੇ। ਇਸ ਸਬੰਧੀ ਕਣਕ ਦੀ ਚੁਕਾਈ ਕਰਨ ਵਾਲੇ ਠੇਕੇਦਾਰ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਕਣਕ ਮੰਡੀਆਂ ’ਚ ਅਜੇ ਤੱਕ ਪਈ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਏਜੰਸੀਆਂ ਵੱਲੋਂ ਗੋਦਾਮ ਬੰਦ ਕਰਨ ਕਰਕੇ ਅਜਿਹੀ ਹਾਲਤ ਬਣੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੈਲੋ ਕੋਲ ਸਿਰਫ 80 ਵਿਅਕਤੀ ਲੇਬਰ ਵਾਲੇ ਹਨ ਜਦਕਿ ਘੱਟੋ ਘੱਟ 300 ਦੇ ਕਰੀਬ ਲੇਬਰ ਚਾਹੀਦੀ ਹੈ ਅਤੇ ਉਨਾਂ ਦਾ ਸਮਾਂ ਵੀ ਨਿਰਧਾਰਿਤ ਹੈ ਜਿਸ ਕਰਕੇ ਨਾ ਮਾਤਰ ਲਿਫਟਿੰਗ ਹੋ ਰਹੀ ਹੈ ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। 

ਲਿਫਟਿੰਗ ’ਚ ਤੇਜ਼ੀ ਦੀ ਹਦਾਇਤਾਂ ਕੀਤੀਆਂ ਹਨ : ਕੈਬਨਿਟ ਮੰਤਰੀ ਇਸ ਸਬੰਧੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸਬੰਧਤ ਮੰਤਰੀ ਨਾਲ ਵੀ ਗੱਲਬਾਤ ਕੀਤੀ ਹੈ ਅਤੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਕਣਕ ਦੀ ਲਿਫਟਿੰਗ ਨੂੰ ਹੋਰ ਤੇਜ਼ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਲਈ ਬਹੁਤ ਜਲਦ ਕਣਕ ਦੀ ਲਿਫਟਿੰਗ ਦਾ ਕੰਮ ਹੋਰ ਤੇਜ਼ੀ ਨਾਲ ਚੱਲ ਪਵੇਗਾ।

#WheatLifting #MandiProtest #PunjabMandis #FarmersAndLaborers #LaborStrike #WheatProcurement #PunjabNews #MandiGateClosed #WheatIssue #AgricultureNews

Posted By: Daily Suraj Bureau

Latest News