ਭਾਰਤ-ਪਾਕਿ ਸੀਰੀਜ਼ ਮਾਮਲੇ ‘ਚ ਬੋਰਡਾਂ ਦਰਮਿਆਨ ਸੰਪਰਕ ਤੇਜ਼
ਨਕਵੀ ਵੱਲੋਂ ਅਮੀਨੁਲ ਇਸਲਾਮ ਤੇ ਇਮਰਾਨ ਖਵਾਜਾ ਨਾਲ ਮੀਟਿੰਗ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਅੱਜ ਲਾਹੌਰ ਦੇ ਗੱਦਾਫੀ ਸਟੇਡੀਅਮ ਵਿੱਚ ਬੰਗਲਾਦੇਸ਼ ਦੇ ਆਪਣੇ ਹਮਰੁਤਬਾ ਅਮੀਨੁਲ ਇਸਲਾਮ ਅਤੇ ਆਈ ਸੀ ਸੀ ਦੇ ਡਿਪਟੀ ਚੇਅਰਮੈਨ ਇਮਰਾਨ ਖਵਾਜਾ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਭਾਰਤ ਵਿਰੁੱਧ ਟੀ-20 ਵਿਸ਼ਵ ਕੱਪ ਦੇ ਮੈਚ ਦੇ ਬਾਈਕਾਟ ਕਾਰਨ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਦੀਆਂ ਕੋਸ਼ਿਸ਼ਾਂ ਦਰਮਿਆਨ ਹੋਈ ਹੈ। ਆਈ ਸੀ ਸੀ ਵਿੱਚ ਸਿੰਗਾਪੁਰ ਦੀ ਨੁਮਾਇੰਦਗੀ ਕਰਨ ਵਾਲੇ ਖਵਾਜਾ ਆਲਮੀ ਸੰਸਥਾ ਵਿੱਚ ਅਸਰ-ਰਸੂਖ਼ ਵਾਲੇ ਵਿਅਕਤੀ ਹਨ ਤੇ ਐਸੋਸੀਏਟ ਮੈਂਬਰ ਡਾਇਰੈਕਟਰ ਵਜੋਂ ਬੋਰਡ ਵਿੱਚ ਉਨ੍ਹਾਂ ਕੋਲ ਵੋਟ ਦਾ ਅਧਿਕਾਰ ਹੈ। ਪੀ ਸੀ ਬੀ ਦੇ ਨੇੜਲੇ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਖਵਾਜਾ ਨੂੰ ਆਈ ਸੀ ਸੀ ਨੇ ਇਸ ਵਿਵਾਦਤ ਵਿਸ਼ੇ ’ਤੇ ਸਾਲਸ ਵਜੋਂ ਨਾਮਜ਼ਦ ਕੀਤਾ ਹੈ ਅਤੇ ਉਹ (ਖਵਾਜਾ) ਪਿਛਲੇ ਕੁਝ ਸਮੇਂ ਤੋਂ ਮੋਹਸਿਨ ਨਕਵੀ ਨਾਲ ਗੱਲਬਾਤ ਕਰ ਰਹੇ ਹਨ। ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਚੇਅਰਮੈਨ ਅਮੀਨੁਲ ਪਹਿਲਾਂ ਤੋਂ ਹੀ ਲਾਹੌਰ ’ਚ ਹਨ ਅਤੇ ਉਹ ਨਕਵੀ ਨਾਲ ਮੁਲਾਕਾਤ ਕਰ ਚੁੱਕੇ ਹਨ। ਖਵਾਜਾ ਤੇ ਅਮੀਨੁਲ ਦਾ ਹਵਾਈ ਅੱਡੇ ’ਤੇ ਪੀ ਸੀ ਬੀ ਅਧਿਕਾਰੀਆਂ ਨੇ ਸਵਾਗਤ ਕੀਤਾ ਜੋ ਉਨ੍ਹਾਂ ਨੂੰ ਗੱਦਾਫੀ ਸਟੇਡੀਅਮ ਲੈ ਗਏ। ਪੀ ਸੀ ਬੀ ਦੇ ਸੂਤਰ ਨੇ ਦੱਸਿਆ ਕਿ ਖਵਾਜਾ ਤੇ ਅਮੀਨੁਲ ਦੋਵੇਂ ਨਕਵੀ ਨਾਲ ਗੱਲ ਕਰਨ ਤੋਂ ਬਾਅਦ ਆਈ ਸੀ ਸੀ ਸੰਚਾਲਨ ਬੋਰਡ ਦੇ ਕੁਝ ਮੈਂਬਰਾਂ ਨਾਲ ਆਨਲਾਈਨ ਗੱਲਬਾਤ ਕਰਨਗੇ। ਸੂਤਰਾਂ ਅਨੁਸਾਰ, ਆਈ ਸੀ ਸੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੀ ਸੀ ਬੀ ਆਪਣੀ ਟੀਮ ਨੂੰ 15 ਫਰਵਰੀ ਦਾ ਮੈਚ ਖੇਡਣ ਲਈ ਸਰਕਾਰ ਤੋਂ ਇਜਾਜ਼ਤ ਦਿਵਾਏ। ਸ੍ਰੀਲੰਕਾ ਕ੍ਰਿਕਟ ਵੱਲੋਂ ਪੀ ਸੀ ਬੀ ਨੂੰ ਈਮੇਲ ਭੇਜੇ ਜਾਣ ਤੋਂ ਬਾਅਦ ਸਥਿਤੀ ਬਦਲ ਗਈ ਹੈ। ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਬੰਗਲਾਦੇਸ਼ ਨੇ ਸੁਰੱਖਿਆ ਕਾਰਨਾਂ ਕਰਕੇ ਭਾਰਤ ਵਿੱਚ ਆਪਣੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਈ ਸੀ ਸੀ ਨੇ ਬੰਗਲਾਦੇਸ਼ ਦੀ ਥਾਂ ਸਕਾਟਲੈਂਡ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਸੀ ਕਿ ਭਾਰਤ ਵਿਰੁੱਧ ਨਾ ਖੇਡਣ ਦਾ ਫ਼ੈਸਲਾ ਬੰਗਲਾਦੇਸ਼ ਨਾਲ ਇਕਜੁੱਟਤਾ ਦਿਖਾਉਣ ਲਈ ਲਿਆ ਗਿਆ ਹੈ।
Posted By: Daily Suraj Bureau