Daily Suraj

ਪੰਜਾਬੀ

ਅਬਦਾਲੀ ਵਾਂਗ ਵਿਵਹਾਰ ਕਰ ਰਿਹਾ ਹੈ ਭਗਵੰਤ ਮਾਨ: ਵੜਿੰਗ

04 Sep, 2026 04:45 PM

ਕਿਹਾ: ਮੁੱਖ ਮੰਤਰੀ ਨੂੰ ਮੋਹਨਜੀਤ ਨਾਲ ਕੀਤੇ ਗਏ ਸਲੂਕ 'ਤੇ ਸ਼ਰਮ ਆਉਣੀ ਚਾਹੀਦੀ ਹੈ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਲਿਖਿਆ ਪੱਤਰ ਆਪ ਦੇ ਭ੍ਰਿਸ਼ਟਾਚਾਰ ਵਿਰੁੱਧ 8 ਸਤੰਬਰ ਨੂੰ ਵਿਰੋਧ ਪ੍ਰਦਰਸ਼ਨ ਦਾ ਐਲਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਕਾਲੀ ਝੰਡੀ ਦਿਖਾਉਣ ਵਾਲੇ ਮੋਹਨਜੀਤ ਸਿੰਘ ਸਿੱਧੂ ਨੂੰ ਹਿਰਾਸਤ ਵਿਚ ਲੈ ਕੇ ਤਸ਼ੱਦਦ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਾਨ ਨੇ ਅਹਿਮਦ ਸ਼ਾਹ ਅਬਦਾਲੀ ਵਾਂਗ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਸੀ, ਜਿਹੜੇ ਸ਼ਾਇਦ ਇਹ ਮੰਨਦੇ ਹਨ ਕਿ ਉਹ ਹਮੇਸ਼ਾ ਲਈ ਰਾਜ ਕਰਨਗੇ। ਵੜਿੰਗ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਪੱਤਰ ਲਿਖ ਕੇ ਪੰਜਾਬ ਪੁਲਿਸ ਦੁਆਰਾ ਨੌਜਵਾਨ ਤੇ ਤਸ਼ੱਦਦ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ, ਜਿਸਨੇ ਸੂਬਾ ਸਰਕਾਰ ਵਿਰੁੱਧ ਵਿਰੋਧ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ 'ਤੇ ਕਾਲੀ ਝੰਡੀ ਲਹਿਰਾਈ ਸੀ। ਕਮਿਸ਼ਨ ਦੇ ਚੇਅਰਮੈਨ ਨੂੰ ਲਿਖੇ ਇੱਕ ਪੱਤਰ ਵਿੱਚ, ਵੜਿੰਗ ਨੇ ਕਿਹਾ ਕਿ ਮੋਹਨਜੀਤ ਸਿੰਘ ਸਿੱਧੂ ਨੂੰ ਪੁਲਿਸ ਹਿਰਾਸਤ ਵਿੱਚ ਬੇਰਹਿਮੀ ਨਾਲ ਤਸ਼ੱਦਦ ਕੀਤਾ ਗਿਆ ਅਤੇ ਬਿਜਲੀ ਦੇ ਝਟਕੇ ਦਿੱਤੇ ਗਏ। ਵੜਿੰਗ ਨੇ ਕਿਹਾ ਕਿ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਜ਼ਬਰਦਸਤੀ ਨਸ਼ੀਲੇ ਪਦਾਰਥ ਦਿੱਤੇ ਅਤੇ ਬਾਅਦ ਵਿੱਚ ਉਸਦਾ ਡੋਪ ਟੈਸਟ ਕਰਵਾਇਆ, ਜਿਹੜਾ ਕਿ ਪਾਜ਼ਿਟਿਵ ਆਇਆ। ਵੜਿੰਗ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਹੁਣ ਸਿੱਧੂ ਵਿਰੁੱਧ ਕਥਿਤ ਤੌਰ 'ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ, ਜਿਹੜਾ ਇੱਕ ਫਰਜੀ ਮਾਮਲਾ ਹੈ। ਵੜਿੰਗ ਨੇ ਪੱਤਰ ਵਿੱਚ ਕਿਹਾ ਹੈ ਕਿ ਇਸ ਮਾਮਲੇ ਦੀ ਕਿਰਪਾ ਕਰਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਸਾਰਿਆਂ ਨਾਲ, ਖਾਸ ਕਰਕੇ ਤਸ਼ੱਦਦ ਅਤੇ ਝੂਠੀ ਐਫਆਈਆਰ ਲਈ ਜ਼ਿੰਮੇਵਾਰ ਪੁਲਿਸ ਮੁਲਾਜ਼ਮਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਪੰਜਾਬ ਕਾਂਗਰਸ ਮੁਖੀ ਨੇ ਕਿਹਾ ਹੈ ਕਿ ਇਹ ਘਟਨਾ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਅਧੀਨ ਪੁਲਿਸ ਦੀ ਬੇਰਹਿਮੀ ਦਾ ਸੰਕੇਤ ਹੈ। ਵੜਿੰਗ, ਜਿਹੜੇ ਕਿ ਲੁਧਿਆਣਾ ਤੋਂ ਕਾਂਗਰਸ ਸੰਸਦ ਮੈਂਬਰ ਵੀ ਹਨ, ਨੇ ਮੋਹਨਜੀਤ 'ਤੇ ਤਸ਼ੱਦਦ ਕਰਨ ਵਾਲੇ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਢੁਕਵੀਂ ਕਾਰਵਾਈ ਦੀ ਮੰਗ ਕੀਤੀ ਹੈ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਮੋਹਨਜੀਤ ਦੇ ਨਾਲ ਖੜ੍ਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਕਿ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਅੱਜ ਉਸਨੂੰ (ਮੋਹਨਜੀਤ) ਮਿਲੇ ਸਨ, ਉਹ ਬਾਅਦ ਵਿੱਚ ਉਸਨੂੰ ਮਿਲਣ ਲਈ ਜਾਣਗੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਕਾਂਗਰਸ 8 ਸਤੰਬਰ ਨੂੰ 'ਆਪ' ਸਰਕਾਰ ਦੇ ਭ੍ਰਿਸ਼ਟਾਚਾਰ ਵਿਰੁੱਧ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰੇਗੀ, ਜਿਸਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਰਾਹੁਲ ਗਾਂਧੀ ਦੇ ਪ੍ਰਸਤਾਵਿਤ ਪੰਜਾਬ ਦੌਰੇ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਨੇ ਕਿਹਾ ਕਿ ਤਰੀਕਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਦਾ ਐਲਾਨ ਬਹੁਤ ਜਲਦੀ ਕਰ ਦਿੱਤਾ ਜਾਵੇਗਾ।

Posted By: Daily Suraj Bureau

Latest News