Daily Suraj

ਪੰਜਾਬੀ

ਯਾਤਰੀਆਂ ‘ਤੇ ਵਧਿਆ ਬੋਝ: ਘਰੇਲੂ ਅਤੇ ਅੰਤਰਰਾਸ਼ਟਰੀ ਟਿਕਟਾਂ ‘ਤੇ ਫਿਊਲ ਸਰਚਾਰਜ ਵਿੱਚ ਵਾਧਾ

02 Apr, 2026 08:48 AM

ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ IndiGo ਨੇ ਵੀਰਵਾਰ ਤੋਂ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਕਿਰਾਏ ਵਿੱਚ ਵਾਧਾ ਕਰ ਦਿੱਤਾ ਹੈ। ਏਅਰਲਾਈਨ ਵੱਲੋਂ ਘਰੇਲੂ ਉਡਾਣਾਂ ‘ਤੇ ₹950 ਤੱਕ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ₹10,000 ਤੱਕ ਵਾਧੂ ਫਿਊਲ ਸਰਚਾਰਜ ਲਾਗੂ ਕੀਤਾ ਗਿਆ ਹੈ। ਨਵੀਆਂ ਦਰਾਂ 2 ਅਪ੍ਰੈਲ ਨੂੰ ਸਵੇਰੇ 12:01 ਵਜੇ ਤੋਂ ਲਾਗੂ ਹੋ ਚੁੱਕੀਆਂ ਹਨ। ਇਹ 18 ਦਿਨਾਂ ਵਿੱਚ ਦੂਜੀ ਵਾਰ ਹੈ ਜਦੋਂ ਕੰਪਨੀ ਨੇ ਕਿਰਾਏ ਵਿੱਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ 14 ਮਾਰਚ ਨੂੰ ਵੀ ਇੰਡੀਗੋ ਵੱਲੋਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਕਿਰਾਏ ਵਧਾਏ ਗਏ ਸਨ। ਕੰਪਨੀ ਮੁਤਾਬਕ ਇਹ ਫੈਸਲਾ ਏਵੀਏਸ਼ਨ ਟਰਬਾਈਨ ਫਿਊਲ (ATF), ਜਿਸਨੂੰ ਜੈੱਟ ਫਿਊਲ ਵੀ ਕਿਹਾ ਜਾਂਦਾ ਹੈ, ਦੀਆਂ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। International Air Transport Association ਦੇ ਅਨੁਸਾਰ ਪਿਛਲੇ ਮਹੀਨੇ ਇੰਧਨ ਦੀਆਂ ਕੀਮਤਾਂ ਵਿੱਚ 130 ਫੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ, ਨਾਗਰਿਕ ਹਵਾਈ ਯਾਤਰਾ ਮੰਤਰਾਲੇ ਨੇ ਏਅਰਲਾਈਨਾਂ ਨੂੰ ਪੂਰਾ ਵਾਧੂ ਬੋਝ ਯਾਤਰੀਆਂ ‘ਤੇ ਪਾਉਣ ਤੋਂ ਰੋਕਿਆ ਹੈ। ਸਰਕਾਰ ਨੇ ਇਸ ਵੇਲੇ ਘਰੇਲੂ ਉਡਾਣਾਂ ਦੇ ਕਿਰਾਏ ਵਿੱਚ ਸਿਰਫ਼ 25 ਫੀਸਦੀ ਤੱਕ ਵਾਧੇ ਦੀ ਹੀ ਇਜਾਜ਼ਤ ਦਿੱਤੀ ਹੈ। ਇੰਡੀਗੋ ਦੇ ਅਨੁਸਾਰ ਫਿਊਲ ਖਰਚੇ ਨੂੰ ਦੂਰੀ ਦੇ ਆਧਾਰ ‘ਤੇ ਮੁੜ ਨਿਰਧਾਰਤ ਕੀਤਾ ਗਿਆ ਹੈ, ਜਿਸਦਾ ਮਤਲਬ ਹੈ ਕਿ ਜਿੰਨੀ ਲੰਬੀ ਯਾਤਰਾ ਹੋਵੇਗੀ, ਉਨ੍ਹਾਂ ਹੀ ਵੱਧ ਫਿਊਲ ਖਰਚਾ ਲਾਗੂ ਹੋਵੇਗਾ। ਇਸ ਦੇ ਨਾਲ ਹੀ ਲਾਗਤਾਂ ਵਿੱਚ ਵਾਧੇ ਦਾ ਇੱਕ ਵੱਡਾ ਕਾਰਨ ਟੈਕਸਾਂ ਵਿੱਚ ਇਜ਼ਾਫ਼ਾ ਵੀ ਹੈ। ਬੁੱਧਵਾਰ ਨੂੰ ਰਾਜ ਸਭਾ ਵੱਲੋਂ ਏਵੀਏਸ਼ਨ ਟਰਬਾਈਨ ਫਿਊਲ (ATF) ‘ਤੇ ਵਾਧੂ ਐਕਸਾਈਜ਼ ਡਿਊਟੀ ਲਗਾਉਣ ਦਾ ਪ੍ਰਸਤਾਵ ਮਨਜ਼ੂਰ ਕੀਤਾ ਗਿਆ। ਇਸ ਤਹਿਤ 26 ਮਾਰਚ 2026 ਦੀ ਨੋਟੀਫਿਕੇਸ਼ਨ ਨੂੰ ਮੰਜ਼ੂਰੀ ਮਿਲੀ ਹੈ। ਹੁਣ ਵਿੱਤ ਐਕਟ 2002 ਵਿੱਚ ਸੋਧ ਕਰਦੇ ਹੋਏ ATF ‘ਤੇ ₹50 ਪ੍ਰਤੀ ਲੀਟਰ ਵਾਧੂ ਐਕਸਾਈਜ਼ ਡਿਊਟੀ ਲਗਾਈ ਜਾਵੇਗੀ।

Posted By: Daily Suraj Bureau

Latest News