ਅਮਰੀਕਾ ਦੇ ਓਰੇਗਨ ‘ਚ ਵਾਰੰਟ ਤੋਂ ਬਿਨਾਂ ਗ੍ਰਿਫ਼ਤਾਰੀ ‘ਤੇ ਅਦਾਲਤ ਨੇ ਰੋਕ ਲਾਈ
ਇੱਥੋਂ ਦੀ ਇਕ ਅਦਾਲਤ ਨੇ ਕਿਹਾ ਕਿ ਓਰੇਗਨ ਵਿੱਚ ਜਦੋਂ ਤਕ ਸ਼ੱਕੀ ਵਿਅਕਤੀ ਭੱਜਣ ਦੀ ਕੋਸ਼ਿਸ਼ ਨਾ ਕਰਨ ਤਦ ਤਕ ਅਮਰੀਕੀ ਇਮੀਗ੍ਰੇਸ਼ਨ ਏਜੰਟ ਬਿਨਾਂ ਵਾਰੰਟ ਦੇ ਇਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰਨ। ਇਸ ਸਬੰਧੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਇਸ ਵਰਤਾਰੇ ਕਾਰਨ ਲੋਕਾਂ ਵਿਚ ਰੋਸ ਹੈ। ਯੂਐਸ ਜ਼ਿਲ੍ਹਾ ਜੱਜ ਮੁਸਤਫਾ ਕਸੁਭਾਈ ਨੇ ਕਿਹਾ ਕਿ ਜੇ ਇਸ ਸਬੰਧੀ ਲੋਕ ਪੁਲੀਸ ਨਾਲ ਸਹਿਯੋਗ ਕਰ ਰਹੇ ਹਨ ਤਾਂ ਉਨ੍ਹਾਂ ’ਤੇ ਸਖਤੀ ਨਾ ਕੀਤੀ ਜਾਵੇ। ਇਸ ਤੋਂ ਪਹਿਲਾਂ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਪਰਵਾਸੀਆਂ ਖ਼ਿਲਾਫ਼ ਕਾਰਵਾਈ ਤੇਜ਼ ਕੀਤੀ ਸੀ। ਇਹ ਮੁਹਿੰਮ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੇਸ਼ ਵਿਚ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਯੂਐਸ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੇ ਕਾਰਜਕਾਰੀ ਮੁਖੀ ਟੌਡ ਲਿਓਨਜ਼ ਨੇ ਪਹਿਲਾਂ ਜ਼ੋਰ ਦੇ ਕੇ ਕਿਹਾ ਸੀ ਕਿ ਏਜੰਟਾਂ ਨੂੰ ਇਸ ਸਬੰਧੀ ਜਾਰੀ ਕੀਤੇ ਗਏ ਪ੍ਰਸ਼ਾਸਕੀ ਗ੍ਰਿਫਤਾਰੀ ਵਾਰੰਟ ਤੋਂ ਬਿਨਾਂ ਗ੍ਰਿਫਤਾਰੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਉਦੋਂ ਤਕ ਨਾ ਕੀਤੀ ਜਾਵੇ ਜਦੋਂ ਤੱਕ ਇਹ ਯਕੀਨੀ ਨਹੀਂ ਹੁੰਦਾ ਕਿ ਉਹ ਵਿਅਕਤੀ ਫਰਾਰ ਹੋ ਸਕਦਾ ਹੈ।
Posted By: Daily Suraj Bureau