Daily Suraj

ਪੰਜਾਬੀ

ਆਪ” ਸਰਕਾਰ ਸਦਕਾ ਪਿੰਡ ਗੁਮਟਾਲਾ ਵਿੱਚ 70 ਸਾਲਾਂ ਬਾਅਦ ਪਹੁੰਚੇਗਾ ਸਰਕਾਰੀ ਪੀਣ ਵਾਲਾ ਪਾਣੀ: ਡਾ. ਜਸਬੀਰ ਸਿੰਘ ਸੰਧੂ

19 Jan, 2026 02:38 AM

(ਆਰ.ਕੇ. ਸੋਨੀ)ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੁਨਿਆਦੀ ਸਹੂਲਤਾਂ ਨੂੰ ਪਹਿਲ ਦਿੰਦਿਆਂ ਪਿੰਡ ਗੁਮਟਾਲਾ ਨੂੰ ਵੱਡੀ ਸੌਗਾਤ ਮਿਲੀ ਹੈ। ਅੰਮ੍ਰਿਤਸਰ ਪੱਛਮੀ ਹਲਕੇ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਭਾਟੀਆ ਵੱਲੋਂ ਵਾਰਡ ਨੰਬਰ 2 ਅਧੀਨ ਪੈਂਦੇ ਪਿੰਡ ਗੁਮਟਾਲਾ ਵਿੱਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਵਾਰਡ ਕੌਂਸਲਰ ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਪਾਰਟੀ ਵਰਕਰ ਹਾਜ਼ਰ ਰਹੇ।ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ ਲਗਭਗ 70 ਸਾਲ ਹੋ ਚੁੱਕੇ ਹਨ ਪਰ ਪਿੰਡ ਗੁਮਟਾਲਾ ਵਰਗਾ ਇਲਾਕਾ ਅਜੇ ਤੱਕ ਸਰਕਾਰੀ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਵਾਂਝਾ ਰਿਹਾ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਬੁਨਿਆਦੀ ਸਮੱਸਿਆ ਵੱਲ ਕਦੇ ਧਿਆਨ ਨਹੀਂ ਦਿੱਤਾ, ਪਰ “ਆਪ” ਸਰਕਾਰ ਨੇ ਸੱਤਾ ਵਿੱਚ ਆਉਂਦੇ ਹੀ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਤਰਜੀਹ ਦਿੱਤੀ ਹੈ।ਡਾ. ਸੰਧੂ ਨੇ ਦੱਸਿਆ ਕਿ 70 ਸਾਲਾਂ ਬਾਅਦ ਪਹਿਲੀ ਵਾਰ ਪਿੰਡ ਵਿੱਚ ਪਾਣੀ ਦੀਆਂ ਪਾਈਪਾਂ ਪਾਈਆਂ ਗਈਆਂ ਹਨ ਅਤੇ ਜਲਦ ਹੀ ਇਨ੍ਹਾਂ ਨੂੰ ਟਿਊਬਵੈਲ ਨਾਲ ਜੋੜ ਕੇ ਸਰਕਾਰੀ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਵੇਗੀ।ਇਸ ਮੌਕੇ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਪਿੰਡ ਗੁਮਟਾਲਾ ਦੇ ਲੋਕਾਂ ਦੀ ਇਹ ਬਹੁਤ ਪੁਰਾਣੀ ਮੰਗ ਸੀ, ਜਿਸਨੂੰ “ਆਪ” ਸਰਕਾਰ ਨੇ ਪੂਰਾ ਕਰਕੇ ਇਕ ਇਤਿਹਾਸਕ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਾਫ਼ ਤੇ ਸੁੱਧ ਪੀਣ ਵਾਲਾ ਪਾਣੀ ਹਰ ਨਾਗਰਿਕ ਦਾ ਮੂਲ ਅਧਿਕਾਰ ਹੈ ਅਤੇ ਨਗਰ ਨਿਗਮ ਵੱਲੋਂ ਇਸ ਪ੍ਰਾਜੈਕਟ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਲਈ ਪੂਰੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਟਿਊਬਵੈਲ ਨਾਲ ਜੋੜਨ ਤੋਂ ਬਾਅਦ ਪਿੰਡ ਦੇ ਹਰ ਘਰ ਤੱਕ ਨਿਯਮਿਤ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇਗੀ। ਅੰਤ ਵਿੱਚ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਕਿਹਾ ਕਿ “ਆਪ” ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਉਨ੍ਹਾਂ ਦੇ ਦਰਵਾਜ਼ੇ ਤੱਕ ਪਹੁੰਚਾਉਣਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਪੱਛਮੀ ਹਲਕੇ ਦੇ ਹਰ ਵਾਰਡ ਅਤੇ ਪਿੰਡ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪਾਣੀ, ਸੜਕਾਂ, ਸਿਵਰੇਜ ਅਤੇ ਸਫ਼ਾਈ ਵਰਗੇ ਮਸਲਿਆਂ ਨੂੰ ਹੋਰ ਵੀ ਪ੍ਰਾਥਮਿਕਤਾ ਦਿੱਤੀ ਜਾਵੇਗੀ।ਇਸ ਮੌਕੇ ਹਲਕਾ ਪੱਛਮੀ ਦੇ ਸੰਗਠਨ ਇੰਚਾਰਜ ਹਰਪ੍ਰੀਤ ਸਿੰਘ ਬੇਦੀ, ਬਲਾਕ ਪ੍ਰਧਾਨ ਜਨਕ ਰਾਜ ਜੋਸ਼ੀ, ਤਰਸੇਮ ਕਲਿਆਣ, ਲਾਡੀ ਸਹੋਤਾ, ਪੀ.ਏ. ਮਾਧਵ ਸ਼ਰਮਾ ਸਮੇਤ ਹੋਰ ਆਗੂ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

Posted By: Daily Suraj Bureau

Latest News