Daily Suraj

ਪੰਜਾਬੀ

ਮਜੀਠਾ ਹਲਕੇ ਦੀ ਅਣਦੇਖੀ ਦਾ ਦੋਸ਼, ਗਨੀਵ ਕੌਰ ਨੇ ਮੁੱਖ ਮੰਤਰੀ ਮਾਨ ਨੂੰ ਘੇਰਿਆ

20 Jan, 2026 12:25 PM

ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਦੀ ਨਿਖੇਧੀ; ਪੰਜਾਬ ਦੇ ਮੁੱਦੇ ਕੇਂਦਰ ਕੋਲ ਚੁੱਕਣ ’ਚ ਨਾਕਾਮ ਰਹਿਣ ਦਾ ਦੋਸ਼ ਸ਼੍ੋਮਣੀ ਅਕਾਲੀ ਦਲ ਦੀ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ’ਤੇ ਇਸ ਹਲਕੇ ਨੂੰ ਅਣਗੌਲਿਆਂ ਕਰਨ ਦਾ ਦੋਸ਼ ਲਾਇਆ। ਮੁੱਖ ਮੰਤਰੀ ਵੱਲੋਂ ਬੀਤੇ ਦਿਨ ਮਜੀਠਾ ਵਿੱਚ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਰੈਲੀ ਕੀਤੀ ਗਈ ਸੀ। ਮੁੱਖ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ਦੇ ਨੇੜਲੇ ਸਾਥੀ ਰਹੇ ਤਲਬੀਰ ਗਿੱਲ ਨੂੰ ਇਸ ਹਲਕੇ ਤੋਂ ‘ਆਪ’ ਦਾ ਉਮੀਦਵਾਰ ਐਲਾਨਿਆ ਹੈ। ਵਿਧਾਇਕਾ ਗਨੀਵ ਕੌਰ ਨੇ ਕਿਹਾ ਕਿ ਹੈਰਾਨੀ ਦੀ ਗੱਲ ਕਿ ਮੁੱਖ ਮੰਤਰੀ ਕੋਲ ਮਜੀਠਾ ਦੇ ਵਿਕਾਸ ਵਾਸਤੇ ਕੋਈ ਤਜਵੀਜ਼ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਹਲਕੇ ਵਾਸਤੇ ਕੁਝ ਨਹੀਂ ਕੀਤਾ ਅਤੇ ਹੁਣ ਆਪਣੇ ਕਾਰਜਕਾਲ ਦੇ ਆਖ਼ਰੀ ਸਮੇਂ ਸੜਕਾਂ ਦੀ ਮੁਰੰਮਤ ਦਾ ਐਲਾਨ ਕਰ ਰਹੀ ਹੈ। ਸ੍ਰੀਮਤੀ ਮਜੀਠੀਆ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਸਰਕਾਰ ਵੇਲੇ ਮਜੀਠਾ ਹਲਕੇ ਵਿਚ ਰਿਕਾਰਡ ਵਿਕਾਸ ਕਾਰਜ ਹੋਏ ਸਨ। ਉਨ੍ਹਾਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਗ੍ਰਿਫ਼ਤਾਰੀ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਗ੍ਰਿਫ਼ਤਾਰੀ ਦਾ ਅਸਲ ਮੰਤਵ ਕਿਸਾਨਾਂ ਨੂੰ ਉਨ੍ਹਾਂ ਨਾਲ ਹੋਏ ਅਨਿਆਂ ਲਈ ਮੁੱਖ ਮੰਤਰੀ ਦਾ ਘਿਰਾਓ ਕਰਨ ਤੋਂ ਰੋਕਣਾ ਸੀ। ਉਨ੍ਹਾਂ ਸਰਕਾਰ ਵੱਲੋਂ ਤਜਵੀਜ਼ਸ਼ੁਦਾ ਬਿਜਲੀ ਸੋਧ ਬਿੱਲ ਅਤੇ ਖਾਸ ਤੌਰ ’ਤੇ ਕਿਸਾਨਾਂ ਤੇ ਆਮ ਆਦਮੀ ਦੇ ਹਿੱਤਾਂ ਦੀ ਰਾਖੀ ਵਾਸਤੇ ਉਸਾਰੂ ਸੁਝਾਅ ਦੇਣ ਵਿਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਆਸ ਸੀ ਕਿ ਮੁੱਖ ਮੰਤਰੀ ਇਹ ਮਾਮਲੇ ਕੇਂਦਰ ਕੋਲ ਚੁੱਕਣਗੇ ਪਰ ਉਹ ਖਾਲੀ ਹੱਥ ਪਰਤ ਆਏ।

Posted By: Daily Suraj Bureau

Latest News