Daily Suraj

ਪੰਜਾਬੀ

ਸੀਬੀਆਈ ਕਾਰਵਾਈ ਤੋਂ ਬਾਅਦ ਹੁਣ ਈਡੀ ਦੀ ਜਾਂਚ, ਭੁੱਲਰ ਦੇ ਘਰ ਤੋਂ ਵੱਡੀ ਬਰਾਮਦਗੀ

27 Apr, 2026 10:16 AM

ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਪਹਿਲਾਂ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਸੀਬੀਆਈ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਭੁੱਲਰ ਹੁਣ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਈਡੀ ਨੇ ਹਾਲ ਹੀ ਵਿੱਚ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਨਿਵਾਸ ਸਮੇਤ 11 ਹੋਰ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸੀਬੀਆਈ ਵੱਲੋਂ ਕੀਤੀਆਂ ਗਈਆਂ ਛਾਪੇਮਾਰੀਆਂ ਦੌਰਾਨ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ਅਤੇ ਫਾਰਮ ਹਾਊਸ ਤੋਂ ਵੱਡੀ ਮਾਤਰਾ ਵਿੱਚ ਨਕਦੀ ਅਤੇ ਕੀਮਤੀ ਸਮਾਨ ਬਰਾਮਦ ਕੀਤਾ ਗਿਆ ਸੀ। ਬਰਾਮਦ ਸਮਾਨ ਵਿੱਚ ਲਗਭਗ 7.36 ਕਰੋੜ ਰੁਪਏ ਦੀ ਨਕਦੀ, ਕਰੀਬ 2.5 ਕਿਲੋਗ੍ਰਾਮ ਸੋਨਾ, ਲਗਭਗ 2.32 ਕਰੋੜ ਰੁਪਏ ਦੇ ਚਾਂਦੀ ਦੇ ਗਹਿਣੇ ਅਤੇ 26 ਲਗਜ਼ਰੀ ਘੜੀਆਂ ਸ਼ਾਮਲ ਸਨ। ਇਸ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰ ਦੇ ਨਾਮ ‘ਤੇ ਦਰਜ 50 ਤੋਂ ਵੱਧ ਅਚੱਲ ਸੰਪਤੀਆਂ, ਇੱਕ ਮਰਸੀਡੀਜ਼ ਅਤੇ ਇੱਕ ਔਡੀ ਸਮੇਤ ਲਗਜ਼ਰੀ ਕਾਰਾਂ, ਚਾਰ ਹਥਿਆਰ ਅਤੇ 108 ਬੋਤਲਾਂ ਵਿਦੇਸ਼ੀ ਸ਼ਰਾਬ ਵੀ ਜ਼ਬਤ ਕੀਤੀਆਂ ਗਈਆਂ ਹਨ। ਇਹ ਬਰਾਮਦਗੀਆਂ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦੀਆਂ ਹਨ। ਯਾਦ ਰਹੇ ਕਿ ਸੀਬੀਆਈ ਨੇ ਭੁੱਲਰ ਨੂੰ 16 ਅਕਤੂਬਰ 2025 ਨੂੰ ਮੋਹਾਲੀ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਵੇਲੇ ਉਨ੍ਹਾਂ ਨੂੰ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਇੱਕ ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ।

Posted By: Daily Suraj Bureau

Latest News