Daily Suraj

ਪੰਜਾਬੀ

ਸੋਨੀਆ ਗਾਂਧੀ ਦੀ ਸੋਸ਼ਲ ਮੀਡੀਆ 'ਤੇ ਪਹਿਲੀ ਦਸਤਕ: ਇੰਸਟਾਗ੍ਰਾਮ ਅਕਾਊਂਟ ਬਣਾ ਕੇ ਆਪਣੀ ਨਵੀਂ ਕਿਤਾਬ ਦੀ ਪਹਿਲੀ ਝਲਕ ਕੀਤੀ ਸਾਂਝੀ

22 Oct, 2026 11:41 AM

ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਇੰਸਟਾਗ੍ਰਾਮ (Instagram) 'ਤੇ ਆਪਣਾ ਅਧਿਕਾਰਤ ਅਕਾਊਂਟ ਬਣਾ ਕੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਪਹਿਲਾ ਕਦਮ ਰੱਖਿਆ ਹੈ। ਆਪਣੇ ਇਸ ਡੈਬਿਊ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਨਵੀਂ ਕਿਤਾਬ ਬਾਰੇ ਇੱਕ ਪੋਸਟ ਸਾਂਝੀ ਕੀਤੀ, ਜਿਸ ਨੂੰ ਉਨ੍ਹਾਂ ਨੇ "ਪਿਆਰ, ਫ਼ਰਜ਼, ਨੁਕਸਾਨ ਅਤੇ ਆਪਣੀ ਥਾਂ ਲੱਭਣ ਦੀ ਇੱਕ ਕਹਾਣੀ" ਵਜੋਂ ਦੱਸਿਆ ਹੈ। ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਸੋਨੀਆ ਗਾਂਧੀ ਦਾ ਇਹ ਪਹਿਲਾ ਪ੍ਰਤੱਖ ਕਦਮ ਹੈ। ਇਸ ਤੋਂ ਪਹਿਲਾਂ ਦੇ ਸਾਲਾਂ ਦੌਰਾਨ ਉਨ੍ਹਾਂ ਨੇ ਇਨ੍ਹਾਂ ਪਲੇਟਫਾਰਮਾਂ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ ਅਤੇ ਪਾਰਟੀ ਦਾ 'X' (ਪਹਿਲਾਂ ਟਵਿੱਟਰ) ਹੈਂਡਲ ਹੀ ਅਜਿਹਾ ਮੁੱਖ ਮੰਚ ਸੀ ਜਿਸ ਰਾਹੀਂ ਉਨ੍ਹਾਂ ਦੇ ਵੀਡੀਓ ਬਿਆਨ, ਸੰਦੇਸ਼ ਜਾਂ ਪੱਤਰ ਜਾਰੀ ਕੀਤੇ ਜਾਂਦੇ ਸਨ। ਇੰਸਟਾਗ੍ਰਾਮ 'ਤੇ ਆਉਂਦਿਆਂ ਹੀ ਸੋਨੀਆ ਗਾਂਧੀ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰ ਰਾਹੁਲ ਗਾਂਧੀ, ਧੀ ਪ੍ਰਿਯੰਕਾ ਗਾਂਧੀ ਵਾਡਰਾ ਅਤੇ ਕਾਂਗਰਸ ਪਾਰਟੀ ਦੇ ਅਧਿਕਾਰਤ ਅਕਾਊਂਟਸ ਨੂੰ ਫਾਲੋ ਕੀਤਾ। ਦੂਜੇ ਪਾਸੇ, ਰਾਹੁਲ ਗਾਂਧੀ ਸਮੇਤ ਇੰਸਟਾਗ੍ਰਾਮ 'ਤੇ ਮੌਜੂਦ ਤਮਾਮ ਚੋਟੀ ਦੇ ਕਾਂਗਰਸੀ ਨੇਤਾਵਾਂ ਨੇ ਵੀ ਸਾਬਕਾ ਕਾਂਗਰਸ ਪ੍ਰਧਾਨ ਦੇ ਅਕਾਊਂਟ ਨੂੰ ਤੁਰੰਤ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਆਗੂਆਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਦੀ ਤਾਰੀਫ਼ ਕਰਦਿਆਂ ਕਿਤਾਬ ਲਈ ਉਤਸ਼ਾਹ ਜ਼ਾਹਰ ਕੀਤਾ। ਆਪਣੀ ਪਹਿਲੀ ਇੰਸਟਾਗ੍ਰਾਮ ਪੋਸਟ ਵਿੱਚ ਸੋਨੀਆ ਗਾਂਧੀ ਨੇ ਆਪਣੀ ਆਉਣ ਵਾਲੀ ਕਿਤਾਬ 'ਬਿਲੋਂਗਿੰਗ: ਅ ਜਰਨੀ ਆਫ਼ ਲਵ' (Belonging: A Journey of Love) ਦੀਆਂ ਪਹਿਲੀਆਂ ਕਾਪੀਆਂ ਪ੍ਰਾਪਤ ਕਰਨ ਦੀ ਇੱਕ ਵੀਡੀਓ ਕਲਿੱਪ ਸਾਂਝੀ ਕੀਤੀ ਹੈ। ਵੀਡੀਓ ਵਿੱਚ ਉਹ ਆਪਣੀ ਕਿਤਾਬ ਦੀਆਂ ਪਹਿਲੀਆਂ ਕਾਪੀਆਂ ਮਿਲਣ ਦੀ ਖ਼ੁਸ਼ੀ ਵਿੱਚ ਆਪਣੀ ਧੀ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਮਿਠਾਈਆਂ ਵੰਡਦੇ ਹੋਏ ਦਿਖਾਈ ਦੇ ਰਹੇ ਹਨ। ਇਸ ਦੌਰਾਨ ਸੋਨੀਆ ਗਾਂਧੀ ਨੇ ਇਹ ਵੀ ਦੱਸਿਆ ਕਿ ਇਸ ਕਿਤਾਬ ਵਿੱਚ ਬਹੁਤ ਸਾਰੀਆਂ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।

Latest News