Daily Suraj

ਪੰਜਾਬੀ

ਨਰਾਇਣਗੜ੍ਹ ਵਿੱਚ ਬਾਬਾ ਸ੍ਰੀ ਚੰਦ ਜੀ ਦੇ ਅਸਥਾਨ ’ਤੇ ਹੋਲਾ ਮਹੱਲਾ ਸ਼ਰਧਾ ਨਾਲ ਮਨਾਇਆ

03 Mar, 2026 08:49 AM

ਨਰਾਇਣਗੜ੍ਹ ਦੇ ਮੁਹੱਲਾ ਪਠਾਣਾਂ ਵਾਲਾ ਵਿੱਚ ਸਥਿਤ ਬਾਬਾ ਸ੍ਰੀ ਚੰਦ ਜੀ ਦਾ ਅਸਥਾਨ ’ਤੇ ਹੋਲਾ ਮਹੱਲਾ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਨਾਲ ਕੀਤੀ ਗਈ, ਜਿਸ ਤੋਂ ਬਾਅਦ ਕੀਰਤਨ ਦਰਬਾਰ ਸਜਾਇਆ ਗਿਆ। ਕੀਰਤਨ ਦਰਬਾਰ ਦੌਰਾਨ ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਹਜ਼ੂਰੀ ਰਾਗੀ ਭਾਈ ਮਲਕੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਸਮੇਤ ਹੋਰ ਰਾਗੀ ਜਥਿਆਂ ਨੇ ਕਥਾ-ਕੀਰਤਨ ਰਾਹੀਂ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਰਾਗੀ ਸਿੰਘਾਂ ਨੇ ਸੰਗਤ ਨੂੰ ਹੋਲਾ ਮਹੱਲੇ ਦੀ ਵਧਾਈ ਦਿੰਦਿਆਂ ਇਸ ਦੇ ਇਤਿਹਾਸਕ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਹੋਲਾ ਮਹੱਲੇ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਮਕਸਦ ਸਿੱਖਾਂ ਨੂੰ ਨਾਮ ਸਿਮਰਨ ਦੇ ਨਾਲ-ਨਾਲ ਬਹਾਦਰੀ ਅਤੇ ਜੰਗਜੂ ਕਲਾਵਾਂ ਨਾਲ ਜੋੜਨਾ ਸੀ। ਇਸ ਮੌਕੇ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰਸਿੱਖੀ ਜੀਵਨ ਅਪਣਾਉਣ। ਰਾਗੀ ਸਿੰਘਾਂ ਨੇ ਮਨੁੱਖ ਨੂੰ ਹੰਕਾਰ ਤਿਆਗ ਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਨਿਮਰਤਾ ਸਫਲਤਾ ਦੀ ਕੁੰਜੀ ਹੈ ਅਤੇ ਹੰਕਾਰੀ ਵਿਅਕਤੀ ਕਦੇ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਨੇ ਭਗਤ ਪ੍ਰਹਿਲਾਦ ਦੀ ਉਦਾਹਰਣ ਦਿੰਦਿਆਂ ਸਮਝਾਇਆ ਕਿ ਪਰਮਾਤਮਾ ਹਮੇਸ਼ਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ। ਸਮਾਗਮ ਦੌਰਾਨ ਮਾਪਿਆਂ ਨੂੰ ਵੀ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ। ਸਮਾਗਮ ਦੇ ਅੰਤ ਵਿੱਚ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਰਾਜਾ ਭਾਟੀਆ, ਬਲਵਿੰਦਰ ਸਿੰਘ ਭਾਟੀਆ, ਗਗਨਦੀਪ ਸਿੰਘ, ਬਲਜੀਤ ਸਿੰਘ, ਮਨੋਹਰ ਲਾਲ ਚਾਨਣਾ, ਡਾ. ਗੁਰਚਰਨ ਸਿੰਘ, ਜਸਬੀਰ ਸਿੰਘ ਖੁਰਾਣਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

Posted By: Daily Suraj Bureau

Latest News