ਕਾਰਾਕਸ ਸਮੇਤ ਕਈ ਇਲਾਕਿਆਂ ਵਿੱਚ ਭਾਰੀ ਨੁਕਸਾਨ, ਬਚਾਅ ਕਾਰਜ ਜਾਰੀ
ਵੈਨੇਜ਼ੁਏਲਾ ਵਿੱਚ ਬੁੱਧਵਾਰ ਸ਼ਾਮ ਆਏ 7.2 ਅਤੇ 7.5 ਤੀਬਰਤਾ ਦੇ ਲਗਾਤਾਰ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਵੱਡੇ ਪੱਧਰ 'ਤੇ ਤਬਾਹੀ ਮਚਾ ਦਿੱਤੀ। ਵੀਰਵਾਰ ਸਵੇਰੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡਰਿਗਜ਼ ਨੇ ਜਾਣਕਾਰੀ ਦਿੱਤੀ ਕਿ ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ ਘੱਟੋ-ਘੱਟ 32 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਲਗਭਗ 700 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ ਜਾਰੀ ਹੈ ਅਤੇ ਇਸ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਸਭ ਤੋਂ ਵੱਧ ਨੁਕਸਾਨ ਲਾ ਗੁਆਇਰਾ ਰਾਜ ਵਿੱਚ ਹੋਇਆ ਹੈ, ਜਿੱਥੇ ਕਈ ਇਮਾਰਤਾਂ ਢਹਿ ਗਈਆਂ। ਪ੍ਰਭਾਵਿਤ ਇਲਾਕਿਆਂ ਵਿੱਚ ਬਚਾਅ ਅਤੇ ਰਾਹਤ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਇੱਕ ਮਿੰਟ ਦੇ ਅੰਤਰ ਨਾਲ ਆਏ ਦੋ ਵੱਡੇ ਝਟਕੇ ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਪਹਿਲਾ 7.2 ਤੀਬਰਤਾ ਦਾ ਭੂਚਾਲ ਕੈਰੇਬੀਅਨ ਤੱਟ 'ਤੇ ਮੋਰੋਨ ਸ਼ਹਿਰ ਦੇ ਨੇੜੇ 22 ਕਿਲੋਮੀਟਰ ਦੀ ਡੂੰਘਾਈ ਵਿੱਚ ਦਰਜ ਕੀਤਾ ਗਿਆ। ਇਸ ਤੋਂ ਕੇਵਲ ਇੱਕ ਮਿੰਟ ਬਾਅਦ 10 ਕਿਲੋਮੀਟਰ ਦੀ ਡੂੰਘਾਈ ਵਿੱਚ 7.5 ਤੀਬਰਤਾ ਦਾ ਦੂਜਾ ਸ਼ਕਤੀਸ਼ਾਲੀ ਭੂਚਾਲ ਆਇਆ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵੈਨੇਜ਼ੁਏਲਾ ਵਿੱਚ ਪਿਛਲੇ ਇੱਕ ਸਦੀ ਦੌਰਾਨ ਦਰਜ ਕੀਤੇ ਗਏ ਸਭ ਤੋਂ ਤਾਕਤਵਰ ਭੂਚਾਲਾਂ ਵਿੱਚੋਂ ਇੱਕ ਹਨ। ਝਟਕੇ ਇੰਨੇ ਤੇਜ਼ ਸਨ ਕਿ ਬ੍ਰਾਜ਼ੀਲ ਦੇ ਐਮਾਜ਼ਾਨ ਖੇਤਰ ਤੱਕ ਲੋਕਾਂ ਨੂੰ ਇਮਾਰਤਾਂ ਤੋਂ ਬਾਹਰ ਨਿਕਲਣਾ ਪਿਆ। ਕਾਰਾਕਸ ਵਿੱਚ ਦਹਿਸ਼ਤ ਦਾ ਮਾਹੌਲ ਭੂਚਾਲ ਤੋਂ ਬਾਅਦ ਰਾਜਧਾਨੀ ਕਾਰਾਕਸ ਵਿੱਚ ਲੋਕ ਡਰ ਦੇ ਮਾਰੇ ਸੜਕਾਂ 'ਤੇ ਆ ਗਏ। ਕਈ ਥਾਵਾਂ 'ਤੇ ਇਮਾਰਤਾਂ ਦੀਆਂ ਕੰਧਾਂ ਡਿੱਗਣ ਕਾਰਨ ਮਲਬਾ ਸੜਕਾਂ 'ਤੇ ਫੈਲ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਕੁਝ ਇਲਾਕਿਆਂ ਵਿੱਚ ਬਿਜਲੀ ਅਤੇ ਮੋਬਾਈਲ ਸੰਚਾਰ ਸੇਵਾਵਾਂ ਵੀ ਠੱਪ ਹੋ ਗਈਆਂ। ਗ੍ਰਹਿ ਮੰਤਰੀ ਡਿਓਸਦਾਡੋ ਕੈਬੇਲੋ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਵਧਾਨ ਰਹਿਣ ਅਤੇ ਐਮਰਜੈਂਸੀ ਸੇਵਾਵਾਂ ਨੂੰ ਬਿਨਾਂ ਰੁਕਾਵਟ ਕੰਮ ਕਰਨ ਲਈ ਰਸਤਾ ਦੇਣ। ਵਿਸ਼ਵ ਭਰ ਤੋਂ ਹਮਦਰਦੀ ਅਤੇ ਸਹਾਇਤਾ ਦੀ ਪੇਸ਼ਕਸ਼ ਵਿਰੋਧੀ ਧਿਰ ਦੀ ਨੇਤਾ ਮਾਰੀਆ ਕੋਰੀਨਾ ਮਾਚਾਡੋ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਲੋਕਾਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਕੀਤੀ। ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਅਤੇ ਅਮਰੀਕੀ ਸੰਸਦ ਮੈਂਬਰ ਮਾਰੀਆ ਐਲਵੀਰਾ ਸਲਾਜ਼ਾਰ ਨੇ ਵੀ ਵੈਨੇਜ਼ੁਏਲਾ ਦੇ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਹੈ। ਇਸੇ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭੂਚਾਲ ਕਾਰਨ ਹੋਈ ਤਬਾਹੀ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਇਸ ਮੁਸ਼ਕਲ ਸਮੇਂ ਵਿੱਚ ਵੈਨੇਜ਼ੁਏਲਾ ਦੇ ਨਾਲ ਖੜ੍ਹਾ ਹੈ ਅਤੇ ਹਰ ਸੰਭਵ ਸਹਾਇਤਾ ਦੇਣ ਲਈ ਤਿਆਰ ਹੈ। ਗੁਆਂਢੀ ਦੇਸ਼ਾਂ 'ਤੇ ਵੀ ਪਿਆ ਅਸਰ ਭੂਚਾਲ ਦੇ ਝਟਕੇ ਕੋਲੰਬੀਆ ਵਿੱਚ ਵੀ ਮਹਿਸੂਸ ਕੀਤੇ ਗਏ, ਹਾਲਾਂਕਿ ਉੱਥੋਂ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ। ਅਮਰੀਕੀ ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਨੇ ਵਰਜਿਨ ਆਈਲੈਂਡਜ਼ ਅਤੇ ਡੋਮਿਨਿਕਨ ਰੀਪਬਲਿਕ ਲਈ ਸੁਨਾਮੀ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਵੈਨੇਜ਼ੁਏਲਾ ਅਜਿਹੇ ਟੈਕਟੋਨਿਕ ਖੇਤਰ ਵਿੱਚ ਸਥਿਤ ਹੈ, ਜਿੱਥੇ ਇਸ ਤਰ੍ਹਾਂ ਦੇ ਤਾਕਤਵਰ ਭੂਚਾਲ ਆਮ ਤੌਰ 'ਤੇ ਘੱਟ ਆਉਂਦੇ ਹਨ। ਇਸ ਲਈ ਇਹ ਘਟਨਾ ਵਿਗਿਆਨਕ ਪੱਖੋਂ ਵੀ ਅਸਧਾਰਨ ਮੰਨੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਾਰੀ ਆਪਣੇ ਸੰਦੇਸ਼ ਵਿੱਚ ਵੈਨੇਜ਼ੁਏਲਾ ਵਿੱਚ ਆਏ ਭਿਆਨਕ ਭੂਚਾਲਾਂ ਕਾਰਨ ਹੋਈ ਜਾਨੀ ਅਤੇ ਮਾਲੀ ਹਾਨੀ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਵੇਦਨਾ ਜਤਾਉਂਦਿਆਂ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਭਾਰਤ ਹਰ ਸੰਭਵ ਮਦਦ ਲਈ ਤਿਆਰ ਹੈ।
Posted By: Daily Suraj Bureau