Daily Suraj

ਪੰਜਾਬੀ

ਲੁਧਿਆਣਾ ‘ਚ ‘ਡਿਜੀਟਲ ਅਰੈਸਟ’ ਧੋਖਾਧੜੀ ਮਾਮਲੇ ਦਾ ਪਰਦਾਫਾਸ਼, ਮੁਲਜ਼ਮ ਕਾਬੂ

14 Feb, 2026 10:21 AM

ਲੁਧਿਆਣਾ ਪੁਲੀਸ ਦੇ ਸਾਈਬਰ ਵਿੰਗ ਨੇ ਨਾਮਵਰ ਕਾਰੋਬਾਰੀ ਐੱਸ ਪੀ ਓਸਵਾਲ ਨਾਲ ਹੋਈ 7 ਕਰੋੜ ਰੁਪਏ ਦੀ ਡਿਜੀਟਲ ਅਰੈਸਟ ਧੋਖਾਧੜੀ ਦੇ ਸਬੰਧ ਵਿੱਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਮੁਲਜ਼ਮ ਅਰਪਿਤ ਰਾਠੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੂੰ ਸਾਲ 2024 ਵਿੱਚ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ, ਲੁਧਿਆਣਾ ਵਿੱਚ ਦਰਜ ਹੋਈ ਐਫ ਆਈ ਆਰ ਦੇ ਸਬੰਧ ਵਿੱਚ 11 ਫਰਵਰੀ, 2026 ਨੂੰ ਕੇਂਦਰੀ ਜੇਲ੍ਹ, ਕਪੂਰਥਲਾ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ ਅਤੇ ਇਸ ਕੇਸ ਵਿੱਚ ਅਧਿਕਾਰਤ ਤੌਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ "ਡਿਜੀਟਲ ਅਰੈਸਟ" ਦਾ ਡਰ ਪੈਦਾ ਕਰਕੇ ਸ਼ਿਕਾਇਤਕਰਤਾ ਨਾਲ ਕਥਿਤ ਤੌਰ ’ਤੇ ਲਗਪਗ 7 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਸਾਈਬਰ ਕ੍ਰਾਈਮ ਇੰਸਪੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ 15 ਫਰਵਰੀ ਤੱਕ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ ਅਤੇ ਫਿਲਹਾਲ ਪੁੱਛਗਿੱਛ ਜਾਰੀ ਹੈ। ਇਸ ਮਾਮਲੇ ਵਿੱਚ ਸ਼ਾਮਲ ਹੋਰ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਡਿਜੀਟਲ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਸ਼ੱਕੀ ਕਾਲਾਂ ਜਾਂ ਸੰਦੇਸ਼ਾਂ ਪ੍ਰਤੀ ਸੁਚੇਤ ਰਹਿਣ ਅਤੇ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ 1930 ਜਾਂ ਆਪਣੇ ਨਜ਼ਦੀਕੀ ਪੁਲੀਸ ਸਟੇਸ਼ਨ ਨਾਲ ਸੰਪਰਕ ਕਰਨ। ਲੁਧਿਆਣਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ 31 ਅਗਸਤ, 2024 ਨੂੰ ਐਫ.ਆਈ.ਆਰ. ਦਰਜ ਕੀਤੀ ਸੀ।

Posted By: Daily Suraj Bureau

Latest News