Daily Suraj

ਪੰਜਾਬੀ

ਚਿੱਤਕਾਰਾ ਯੂਨੀਵਰਸਿਟੀ ਹੰਗਾਮਾ ਮਾਮਲਾ: ਪਟਿਆਲਾ ਪੁਲੀਸ ਨੇ ਹਰਿਆਣਾ ਦੇ ਫ਼ਤਿਆਬਾਦ ਤੋਂ ਇੱਕ ਹੋਰ ਮੁਲਜ਼ਮ ਕੀਤਾ ਗ੍ਰਿਫ਼ਤਾਰ

03 Oct, 2026 03:41 PM

ਚਿੱਤਕਾਰਾ ਯੂਨੀਵਰਸਿਟੀ (ਰਾਜਪੁਰਾ) ਵਿਖੇ ਲੰਘੀ 25-26 ਸਤੰਬਰ ਦੀ ਦਰਮਿਆਨੀ ਰਾਤ ਨੂੰ ਵਿਦਿਆਰਥੀਆਂ ਵੱਲੋਂ ਕੀਤੇ ਗਏ ਹੰਗਾਮੇ ਦੇ ਮਾਮਲੇ ਵਿੱਚ ਪਟਿਆਲਾ ਪੁਲੀਸ ਨੇ ਆਪਣੀ ਤਫ਼ਤੀਸ਼ੀ ਕਾਰਵਾਈ ਨੂੰ ਤੇਜ਼ ਕਰਦਿਆਂ ਅੱਜ ਇੱਕ ਹੋਰ ਮੁਲਜ਼ਮ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਹਰਿਆਣਾ ਦੇ ਫ਼ਤਿਆਬਾਦ ਤੋਂ ਇਸ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ 'ਤੇ ਸੋਸ਼ਲ ਮੀਡੀਆ ਰਾਹੀਂ ਵਿਦਿਆਰਥੀਆਂ ਨੂੰ ਉਕਸਾਉਣ ਅਤੇ ਭੜਕਾਊ ਸਮੱਗਰੀ ਫੈਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਪਟਿਆਲਾ ਪੁਲੀਸ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਪਾਰਥ ਮਹਿਤਾ ਵਜੋਂ ਹੋਈ ਹੈ, ਜੋ ਕਿ ਫ਼ਤਿਆਬਾਦ (ਹਰਿਆਣਾ) ਦਾ ਰਹਿਣ ਵਾਲਾ ਹੈ। ਜ਼ਿਕਰਯੋਗ ਹੈ ਕਿ ਘਟਨਾ ਤੋਂ ਤੁਰੰਤ ਬਾਅਦ ਥਾਣਾ ਬਨੂੜ ਵਿਖੇ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪੁਲੀਸ ਵੱਲੋਂ ਵੱਡੇ ਪੱਧਰ 'ਤੇ ਜਾਂਚ ਆਰੰਭੀ ਗਈ ਸੀ। ਇਸ ਕਾਰਵਾਈ ਦੇ ਤਹਿਤ ਪੁਲੀਸ ਵੱਲੋਂ ਪਹਿਲਾਂ ਹੀ ਦੋ ਮੁਲਜ਼ਮਾਂ, ਹਿਮਾਂਸ਼ੂ (ਵਾਸੀ ਨੰਗਲ) ਅਤੇ ਆਰੀਅਨ (ਵਾਸੀ ਅੰਬਾਲਾ) ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਐੱਸ.ਐੱਸ.ਪੀ. ਪਟਿਆਲਾ ਹਰਮਨਦੀਪ ਸਿੰਘ ਹੰਸ ਨੇ ਮਾਮਲੇ ਸਬੰਧੀ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਮੁਲਜ਼ਮ ਪਾਰਥ ਮਹਿਤਾ ਵੱਲੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਝੂਠੀਆਂ ਤੇ ਗੁਮਰਾਹਕੁੰਨ ਅਫ਼ਵਾਹਾਂ ਫੈਲਾ ਕੇ ਵਿਦਿਆਰਥੀਆਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਤੋਂ ਇਲਾਵਾ ਉਸ 'ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਮੌਕੇ 'ਤੇ ਡਿਊਟੀ 'ਤੇ ਤਾਇਨਾਤ ਸਰਕਾਰੀ ਕਰਮਚਾਰੀਆਂ ਦੇ ਕੰਮ ਵਿੱਚ ਵਿਘਨ ਪਾਉਣ ਦੇ ਵੀ ਦੋਸ਼ ਹਨ। ਪਾਰਥ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਮਾਮਲੇ ਵਿੱਚ ਫੜੇ ਗਏ ਮੁਲਜ਼ਮਾਂ ਦੀ ਗਿਣਤੀ 3 ਹੋ ਗਈ ਹੈ। ਪੁਲੀਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਗ੍ਰਿਫ਼ਤਾਰੀਆਂ ਹੋਣ ਦੀ ਪੂਰੀ ਸੰਭਾਵਨਾ ਹੈ।

Latest News