ਐੱਫਬੀਆਈ ਨੇ ਭਾਰਤੀ ਗੈਂਗਸਟਰ ਨਿਤੀਸ਼ ਕੌਸ਼ਲ ਨੂੰ 'ਮੋਸਟ ਵਾਂਟਡ' ਸੂਚੀ ਵਿੱਚ ਕੀਤਾ ਸ਼ਾਮਲ
ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐੱਫਬੀਆਈ) ਨੇ ਭਗਵਾਨਪੁਰੀਆ ਸੰਗਠਿਤ ਅਪਰਾਧ ਗਰੁੱਪ ਖ਼ਿਲਾਫ਼ ਆਪਣੀ ਕਾਰਵਾਈ ਨੂੰ ਹੋਰ ਤੇਜ਼ ਕਰਦਿਆਂ ਭਾਰਤੀ ਨਾਗਰਿਕ ਅਤੇ ਕਥਿਤ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਆਪਣੀ 'ਮੋਸਟ ਵਾਂਟਡ' ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਐੱਫਬੀਆਈ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਜਾਰੀ ਕੀਤੀ। ਐੱਫਬੀਆਈ ਦੇ ਅਨੁਸਾਰ, ਨਿਤੀਸ਼ ਕੌਸ਼ਲ ਕਥਿਤ ਤੌਰ 'ਤੇ ਭਗਵਾਨਪੁਰੀਆ ਸੰਗਠਿਤ ਅਪਰਾਧ ਗਰੁੱਪ ਲਈ ਹਿੰਸਕ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਹੈ। ਏਜੰਸੀ ਦਾ ਦਾਅਵਾ ਹੈ ਕਿ ਉਸ ਦੀਆਂ ਕਥਿਤ ਗਤੀਵਿਧੀਆਂ ਵਿੱਚ ਕਤਲ, ਅਗਵਾ, ਨਸ਼ਾ ਤਸਕਰੀ, ਹਮਲੇ ਅਤੇ ਹੋਰ ਗੰਭੀਰ ਅਪਰਾਧ ਸ਼ਾਮਲ ਹਨ। ਜਾਂਚ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਕੌਸ਼ਲ ਕਥਿਤ ਤੌਰ 'ਤੇ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਨਾਲ ਜੁੜਿਆ ਹੋਇਆ ਹੈ, ਜੋ ਕਤਲ, ਅਗਵਾ, ਨਸ਼ਾ ਤਸਕਰੀ, ਫਿਰੌਤੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਨੁੱਖੀ ਤਸਕਰੀ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ। ਐੱਫਬੀਆਈ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਕੌਸ਼ਲ ਨੂੰ ਹਥਿਆਰਬੰਦ, ਖ਼ਤਰਨਾਕ ਅਤੇ ਫ਼ਰਾਰ ਹੋਣ ਦੇ ਜੋਖਮ ਵਾਲਾ ਵਿਅਕਤੀ ਮੰਨਿਆ ਜਾਣਾ ਚਾਹੀਦਾ ਹੈ। ਐੱਫਬੀਆਈ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਨਿਤੀਸ਼ ਕੌਸ਼ਲ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਆਪਣੇ ਨਜ਼ਦੀਕੀ ਐੱਫਬੀਆਈ ਦਫ਼ਤਰ, ਅਮਰੀਕੀ ਦੂਤਾਵਾਸ ਜਾਂ ਕੌਂਸੁਲੇਟ ਨਾਲ ਸੰਪਰਕ ਕਰਨ। ਐੱਫਬੀਆਈ ਮੁਤਾਬਕ, ਜੱਗੂ ਭਗਵਾਨਪੁਰੀਆ ਸੰਗਠਿਤ ਅਪਰਾਧ ਗਰੁੱਪ ਦੀ ਸ਼ੁਰੂਆਤ ਭਾਰਤ ਦੇ ਪੰਜਾਬ ਰਾਜ ਤੋਂ ਹੋਈ ਸੀ ਅਤੇ ਇਹ ਗਰੁੱਪ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਸਮੇਤ ਹੋਰ ਕਈ ਥਾਵਾਂ 'ਤੇ ਵੀ ਸਰਗਰਮ ਹੈ। ਲਾਸ ਏਂਜਲਸ ਦੀ ਅਮਰੀਕੀ ਜ਼ਿਲ੍ਹਾ ਅਦਾਲਤ ਨੇ 25 ਜੂਨ ਨੂੰ ਨਿਤੀਸ਼ ਕੌਸ਼ਲ ਖ਼ਿਲਾਫ਼ ਰੈਕੇਟੀਅਰ ਇਨਫਲੂਐਂਸਡ ਐਂਡ ਕਰਪਟ ਆਰਗੇਨਾਈਜ਼ੇਸ਼ਨਜ਼ (RICO) ਸਾਜ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤਾ ਸੀ। ਇਹ ਕਾਰਵਾਈ 'ਆਪਰੇਸ਼ਨ ਹਾਰਡ ਬਾਲ' ਨਾਮਕ ਅੰਤਰਰਾਸ਼ਟਰੀ ਜਾਂਚ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਭਗਵਾਨਪੁਰੀਆ ਗੈਂਗ ਨੂੰ ਨਿਸ਼ਾਨਾ ਬਣਾਉਣਾ ਹੈ। ਇਸ ਜਾਂਚ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ ਵਿੱਚ ਛਾਪੇਮਾਰੀ ਅਤੇ ਕਾਨੂੰਨੀ ਕਾਰਵਾਈਆਂ ਕੀਤੀਆਂ ਗਈਆਂ ਹਨ। ਇਸ ਮੁਹਿੰਮ ਰਾਹੀਂ ਭਾਰਤ ਨਾਲ ਜੁੜੀਆਂ ਜੜ੍ਹਾਂ ਵਾਲੇ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟਾਂ ਖ਼ਿਲਾਫ਼ ਵਿਸ਼ਵ ਪੱਧਰ 'ਤੇ ਕਾਰਵਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ।
Posted By: Daily Suraj Bureau