Daily Suraj

ਪੰਜਾਬੀ

ਏਸ਼ੀਆਈ ਖੇਡਾਂ: 17 ਸਾਲਾ ਤੀਰਅੰਦਾਜ਼ ਕੁਮਕੁਮ ਮੋਹੋੜ ਨੇ ਰਚਿਆ ਇਤਿਹਾਸ, ਭਾਰਤ ਲਈ ਜਿੱਤਿਆ 17ਵਾਂ ਸੋਨ ਤਗਮਾ

03 Oct, 2026 05:04 AM

ਏਸ਼ੀਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ 17 ਸਾਲਾ ਉੱਭਰਦੀ ਤੀਰਅੰਦਾਜ਼ ਕੁਮਕੁਮ ਮੋਹੋੜ ਨੇ ਬਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਵਿੱਚ 17ਵਾਂ ਸੋਨ ਤਗਮਾ ਪਾਇਆ। ਇਸ ਇਤਿਹਾਸਕ ਜਿੱਤ ਨਾਲ ਉਹ ਏਸ਼ੀਆਈ ਖੇਡਾਂ ਦੇ ਮਹਿਲਾ ਰਿਕਰਵ ਵਿਅਕਤੀਗਤ ਮੁਕਾਬਲੇ ਵਿੱਚ ਸੋਨ ਤਗਮਾ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣ ਗਈ ਹੈ। ਇਹ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਰਿਹਾ, ਜਿੱਥੇ ਕੁਮਕੁਮ ਦਾ ਸਾਹਮਣਾ ਦੱਖਣੀ ਕੋਰੀਆ ਦੀ ਮਜ਼ਬੂਤ ਦਾਅਵੇਦਾਰ ਓਹ ਯੇ ਜਿਨ ਨਾਲ ਹੋਇਆ। ਦੋਵਾਂ ਖਿਡਾਰਨਾਂ ਵਿਚਾਲੇ ਕੜੇ ਮੁਕਾਬਲੇ ਤੋਂ ਬਾਅਦ ਫੈਸਲਾ ਸ਼ੂਟਆਊਟ ਰਾਹੀਂ ਹੋਇਆ। ਸ਼ੂਟ-ਆਫ ਦੇ ਦਬਾਅ ਵਾਲੇ ਪਲਾਂ ਵਿੱਚ ਦੱਖਣੀ ਕੋਰੀਆਈ ਖਿਡਾਰਨ ਓਹ ਯੇ ਜਿਨ ਨੇ 8 ਅੰਕ ਬਣਾਏ, ਜਦਕਿ ਸ਼ਾਨਦਾਰ ਨਿਸ਼ਾਨੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਕੁਮਕੁਮ ਨੇ ਪੂਰੇ 10 ਅੰਕ ਹਾਸਲ ਕੀਤੇ ਅਤੇ ਏਸ਼ੀਅਨ ਖੇਡਾਂ ਦੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਮੌਜੂਦਾ ਖੇਡਾਂ ਵਿੱਚ ਤੀਰਅੰਦਾਜ਼ੀ ਦੇ ਖੇਤਰ ਵਿੱਚ ਭਾਰਤ ਦਾ ਇਹ ਪੰਜਵਾਂ ਸੋਨ ਤਗਮਾ ਹੈ। ਇਸ ਜਿੱਤ ਦੇ ਨਾਲ ਹੀ ਏਸ਼ੀਆਈ ਖੇਡਾਂ ਵਿੱਚ ਭਾਰਤ ਦੇ ਕੁੱਲ ਤਗਮਿਆਂ ਦੀ ਗਿਣਤੀ ਵੱਧ ਕੇ 77 ਹੋ ਗਈ ਹੈ। ਇਨ੍ਹਾਂ ਕੁੱਲ ਤਗਮਿਆਂ ਵਿੱਚ 17 ਸੋਨੇ ਤੋਂ ਇਲਾਵਾ 25 ਚਾਂਦੀ ਅਤੇ 35 ਕਾਂਸੀ ਦੇ ਤਗਮੇ ਸ਼ਾਮਲ ਹਨ।

Latest News