Daily Suraj

ਪੰਜਾਬੀ

ਭਾਰਤ-ਅਮਰੀਕਾ ਵਪਾਰ ਸਮਝੌਤੇ ‘ਤੇ ਸੰਸਦ ਵਿੱਚ ਤਿੱਖੀ ਨੋਕਝੋਂਕ

12 Feb, 2026 08:47 AM

ਵਿਰੋਧੀ ਧਿਰ ਨੇ ਲਾਏ ’ਵਪਾਰ ਸਮਝੌਤਾ ਵਾਪਸ ਲਓ’ ਦੇ ਨਾਅਰੇ ਵੀਰਵਾਰ ਨੂੰ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਅੰਤਰਿਮ ਵਪਾਰ ਸਮਝੌਤੇ ਨੂੰ ਲੈ ਕੇ ਵਿਰੋਧੀ ਧਿਰ ਨੇ ਜ਼ਬਰਦਸਤ ਹੰਗਾਮਾ ਕੀਤਾ। ਜਿਵੇਂ ਹੀ ਪ੍ਰਸ਼ਨ ਕਾਲ ਸ਼ੁਰੂ ਹੋਇਆ, ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਈ ਮੈਂਬਰ ਸਦਨ ਦੇ ਵਿਚਾਲੇ (ਵੈੱਲ) ਤੱਕ ਪਹੁੰਚ ਗਏ ਅਤੇ ‘ਵਪਾਰ ਸਮਝੌਤਾ ਵਾਪਸ ਲਓ’ ਦੇ ਨਾਅਰੇ ਲਾਏ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਸ ਸਮਝੌਤੇ ਵਿੱਚ ਖੇਤੀਬਾੜੀ ਸੈਕਟਰ ਨੂੰ ਲੈ ਕੇ ਦਿੱਤੀਆਂ ਗਈਆਂ ਛੋਟਾਂ ਭਾਰਤੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ। ਇਸ ਦੇ ਨਾਲ ਹੀ ਨਵੇਂ ਲੇਬਰ ਕੋਡ ਨੂੰ ਵਾਪਸ ਲੈਣ ਦੀ ਮੰਗ ਵੀ ਚੁੱਕੀ ਗਈ। ਸਦਨ ਦੀ ਪ੍ਰਧਾਨਗੀ ਕਰ ਰਹੇ ਕ੍ਰਿਸ਼ਨਾ ਪ੍ਰਸਾਦ ਤੇਨੇਤੀ ਨੇ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨੂੰ ਵਾਰ-ਵਾਰ ਆਪਣੀਆਂ ਸੀਟਾਂ ’ਤੇ ਜਾਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਦਨ ਦੇ ਅੰਦਰ ਤਖ਼ਤੀਆਂ ਦਿਖਾਉਣਾ ਨਿਯਮਾਂ ਦੇ ਖ਼ਿਲਾਫ਼ ਹੈ। ਭਾਰੀ ਸ਼ੋਰ-ਸ਼ਰਾਬੇ ਕਾਰਨ ਸਿਰਫ਼ ਸੱਤ ਮਿੰਟ ਹੀ ਕਾਰਵਾਈ ਚੱਲ ਸਕੀ, ਜਿਸ ਦੌਰਾਨ ਸਿਰਫ਼ ਇੱਕ ਸਵਾਲ ਹੀ ਲਿਆ ਜਾ ਸਕਿਆ। ਹੰਗਾਮਾ ਵਧਦਾ ਦੇਖ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।

Posted By: Daily Suraj Bureau

Latest News