ਪੁਲਿਸ ਦੀ ਵੱਡੀ ਕਾਮਯਾਬੀ: ਹਥਿਆਰ ਤੇ ਨਕਦੀ ਸਮੇਤ ਮੁਲਜ਼ਮ ਗ੍ਰਿਫ਼ਤਾਰ
ਜਲੰਧਰ ਪੁਲਿਸ ਕਮਿਸ਼ਨਰੇਟ ਨੇ ਖੁਰਲਾ ਕਿੰਗਰਾ ਖੇਤਰ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਵਿੱਚ ਦਿਨ ਦਿਹਾੜੇ ਹੋਈ ਡਕੈਤੀ ਦੇ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਸੁਲਝਾਉਂਦੇ ਹੋਏ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਜਲੰਧਰ ਦੇ ਗ੍ਰੀਨ ਮਾਡਲ ਟਾਊਨ ਖੇਤਰ ਦਾ ਰਹਿਣ ਵਾਲਾ ਹੈ, ਜੋ ਸ਼ਹਿਰ ਦੇ ਅਮੀਰ ਇਲਾਕਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਦਾ ਪਰਿਵਾਰਕ ਪਿਛੋਕੜ ਵੀ ਚੌਕਾਣ ਵਾਲਾ ਸਾਹਮਣੇ ਆਇਆ ਹੈ, ਕਿਉਂਕਿ ਉਹ ਸੇਵਾਮੁਕਤ ਡੀਐਸਪੀ ਹਰਭਜਨ ਸਿੰਘ ਦਾ ਪੁੱਤਰ ਹੈ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਮੁਲਜ਼ਮ ਕੋਲੋਂ ਡਕੈਤੀ ਦੌਰਾਨ ਵਰਤਿਆ ਗਿਆ ਹਥਿਆਰ ਅਤੇ ਲੁੱਟੀ ਗਈ ਨਕਦੀ ਦਾ ਕੁਝ ਹਿੱਸਾ ਬਰਾਮਦ ਕੀਤਾ ਗਿਆ ਹੈ। ਇਸਦੇ ਨਾਲ ਹੀ, ਇਸ ਮਾਮਲੇ ਵਿੱਚ ਸ਼ਾਮਲ ਦੂਜੇ ਸਾਥੀ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਸੀਪੀ ਮਨਪ੍ਰੀਤ ਢਿੱਲੋਂ ਦੀ ਅਗਵਾਈ ਹੇਠ ਇੱਕ ਖਾਸ ਟੀਮ ਬਣਾਈ ਗਈ ਸੀ। ਇਸ ਟੀਮ ਵਿੱਚ ਏਡੀਸੀਪੀ ਰਾਕੇਸ਼ ਯਾਦਵ, ਏਸੀਪੀ ਅਮਰਬੀਰ ਸਿੰਘ, ਏਸੀਪੀ ਸੰਜੇ ਕੁਮਾਰ ਅਤੇ ਕ੍ਰਾਈਮ ਬ੍ਰਾਂਚ ਇੰਚਾਰਜ ਸਰਬਜੀਤ ਸਿੰਘ ਵਰਗੇ ਅਨੁਭਵੀ ਅਧਿਕਾਰੀ ਸ਼ਾਮਲ ਸਨ। ਤਕਨੀਕੀ ਸਬੂਤਾਂ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਾਬੂ ਕੀਤਾ। ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦੋਸ਼ੀ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਸਿਮਰਨਜੀਤ ਸਿੰਘ ਦਾ ਅਪਰਾਧਿਕ ਰਿਕਾਰਡ ਪਹਿਲਾਂ ਤੋਂ ਹੀ ਮੌਜੂਦ ਹੈ। ਉਸ ਵਿਰੁੱਧ ਬਟਾਲਾ ਅਤੇ ਐਸਏਐਸ ਨਗਰ (ਮੋਹਾਲੀ) ਵਿੱਚ ਦੋ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਦੇ ਅਨੁਸਾਰ, ਦੂਜੇ ਸ਼ੱਕੀ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Posted By: Daily Suraj Bureau