ਕੈਨੇਡਾ ਸਰਕਾਰ ਦਾ ਕੜਾ ਰੁਖ, ਵਿਦੇਸ਼ੀ ਪ੍ਰਭਾਵ ਮਾਮਲਿਆਂ ‘ਚ ਵਧ ਸਕਦੇ ਜੁਰਮਾਨੇ
ਕੈਨੇਡਾ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਵਿਰੁੱਧ ਕੜੇ ਕਦਮ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਪਾਰਲੀਮੈਂਟਰੀ ਕਮੇਟੀ ਅੱਗੇ ਕਿਹਾ ਕਿ ਨਵੇਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਜੁਰਮਾਨਿਆਂ ਵਿੱਚ ਵੱਡਾ ਵਾਧਾ ਕੀਤਾ ਜਾ ਸਕਦਾ ਹੈ। ਮੰਤਰੀ ਨੇ ਦੱਸਿਆ ਕਿ ਸਰਕਾਰ ਪ੍ਰਸਤਾਵਿਤ ਕਾਨੂੰਨੀ ਢਾਂਚੇ ਨਾਲ ਜੁੜੇ ਨਿਯਮਾਂ ਵਿੱਚ ਤਬਦੀਲੀਆਂ ‘ਤੇ ਕੰਮ ਕਰ ਰਹੀ ਹੈ ਤਾਂ ਜੋ ਘੱਟੋ-ਘੱਟ ਜੁਰਮਾਨੇ ਦੀ ਰਕਮ ਵਧਾਈ ਜਾ ਸਕੇ। ਉਨ੍ਹਾਂ ਕਿਹਾ ਕਿ ਨਵਾਂ ਘੱਟੋ-ਘੱਟ ਜੁਰਮਾਨਾ ਹਾਲੀਆ 50 ਡਾਲਰ ਦੀ ਹੱਦ ਤੋਂ ਜ਼ਰੂਰ ਵੱਧ ਹੋਵੇਗਾ, ਜਦਕਿ ਉੱਪਰਲੀ ਹੱਦ 1 ਮਿਲੀਅਨ ਡਾਲਰ ਤੱਕ ਹੋ ਸਕਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਨੰਦ ਸੰਗਰੀ ਨੇ ਕਿਹਾ ਕਿ ਕਿਸੇ ਵੀ ਮਾਮਲੇ ਵਿੱਚ ਲੱਗਣ ਵਾਲੇ ਜੁਰਮਾਨੇ ਦੀ ਅੰਤਿਮ ਮਾਤਰਾ ਫੋਰਿਨ ਇਨਫਲੂਐਂਸ ਟ੍ਰਾਂਸਪੇਰੈਂਸੀ ਕਮਿਸ਼ਨਰ ਵੱਲੋਂ ਤੈਅ ਕੀਤੀ ਜਾਵੇਗੀ। ਇਸ ਦੌਰਾਨ ਇਹ ਵੀ ਵੇਖਿਆ ਜਾਵੇਗਾ ਕਿ ਨਿਯਮ ਜਾਣਬੁੱਝ ਕੇ ਤੋੜੇ ਗਏ ਸਨ ਜਾਂ ਨਹੀਂ ਅਤੇ ਕੀ ਸੰਬੰਧਿਤ ਵਿਅਕਤੀ ਜਾਂ ਸੰਸਥਾ ਵੱਲੋਂ ਪਹਿਲਾਂ ਵੀ ਉਲੰਘਣਾ ਕੀਤੀ ਗਈ ਹੈ। ਇਹ ਤਬਦੀਲੀਆਂ ਸਰਕਾਰ ਨੂੰ ਮਿਲੇ ਸੁਝਾਵਾਂ ਦਾ ਹਿੱਸਾ ਹਨ, ਜਿਨ੍ਹਾਂ ਦਾ ਮਕਸਦ ਕੈਨੇਡਾ ਅਤੇ ਉਸਦੀ ਚੋਣ ਪ੍ਰਣਾਲੀ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਤੋਂ ਬਚਾਉਣਾ ਹੈ। ਹਾਲਾਂਕਿ ਮੰਤਰੀ ਨੇ ਹੋਰ ਸੰਭਾਵਿਤ ਤਬਦੀਲੀਆਂ ਬਾਰੇ ਵਿਸਥਾਰ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਆਉਂਦੇ ਹਫ਼ਤਿਆਂ ਵਿੱਚ ਕੈਬਿਨੇਟ ਮਨਜ਼ੂਰੀ ਦੀ ਉਮੀਦ ਹੈ, ਜਿਸ ਤੋਂ ਬਾਅਦ ਨਵੇਂ ਨਿਯਮ ਕੈਨੇਡਾ ਗਜ਼ਟ ਵਿੱਚ ਜਾਰੀ ਕੀਤੇ ਜਾਣਗੇ। ਇਸ ਕਾਨੂੰਨ ਤਹਿਤ ਇੱਕ ਕਮਿਸ਼ਨਰ ਦੀ ਨਿਯੁਕਤੀ ਅਤੇ ਵਿਦੇਸ਼ੀ ਸਰਕਾਰਾਂ ਲਈ ਕੰਮ ਕਰਨ ਵਾਲਿਆਂ ਦੀ ਰਜਿਸਟਰੀ ਬਣਾਉਣ ਦੀ ਵੀ ਯੋਜਨਾ ਹੈ। ਸਰਕਾਰ ਦਾ ਟੀਚਾ ਹੈ ਕਿ ਕਮਿਸ਼ਨਰ ਦਾ ਦਫ਼ਤਰ ਅਤੇ ਰਜਿਸਟਰੀ ਸਪਰਿੰਗ ਸੀਜ਼ਨ ਦੀ ਸ਼ੁਰੂਆਤ ਤੱਕ ਕਾਰਗਰ ਹੋ ਜਾਣ।
Posted By: Daily Suraj Bureau