Daily Suraj

ਪੰਜਾਬੀ

ਪੰਜਾਬ ‘ਚ ਹਾਈ ਵੋਲਟੇਜ ਤਾਰਾਂ ਦੀ ਚਪੇਟ ‘ਚ ਆਉਣ ਕਾਰਨ ਨੌਜਵਾਨ ਦੀ ਮੌਤ

03 Feb, 2026 05:20 PM

ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਵਿੱਚ ਬਿਜਲੀ ਦਾ ਕੰਮ ਕਰਦੇ ਸਮੇਂ 11 ਹਜ਼ਾਰ ਕੇਵੀ ਦੀ ਹਾਈਟੈਂਸ਼ਨ ਲਾਈਨ ਦੀ ਲਪੇਟ ਵਿੱਚ ਆਉਣ ਨਾਲ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਿੰਡ ਰਣੀਆਂ ਦੇ ਨਿਵਾਸੀ ਮਨਪ੍ਰੀਤ ਸਿੰਘ (22) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਪਿੰਡ ਬੁੱਟਰ ‘ਚ ਨਵੇਂ ਬਣ ਰਹੇ ਮਕਾਨ ਵਿੱਚ ਪਾਈਪ ਫਿਟਿੰਗ ਦਾ ਕੰਮ ਕਰ ਰਿਹਾ ਸੀ। ਕੰਮ ਦੇ ਦੌਰਾਨ ਜਦੋਂ ਉਹ ਛੱਤ ‘ਤੇ ਕਟਰ ਚਲਾ ਰਿਹਾ ਸੀ, ਤਾਂ ਮਕਾਨ ਦੇ ਉੱਪਰੋਂ ਲੰਘ ਰਹੀ 11 ਹਜ਼ਾਰ ਕੇਵੀ ਦੀ ਬਿਜਲੀ ਦੀ ਤਾਰ ਨਾਲ ਉਸ ਦਾ ਸਿਰ ਟਕਰਾ ਗਿਆ। ਤੇਜ਼ ਕਰੰਟ ਲੱਗਣ ਕਾਰਨ ਮਨਪ੍ਰੀਤ ਸਿੰਘ ਛੱਤ ਤੋਂ ਹੇਠਾਂ ਡਿੱਗ ਗਿਆ, ਜਿਸ ਦੀ ਸਾਰੀ ਘਟਨਾ ਸੀਸੀਟੀਵੀ (CCTV) ਵਿੱਚ ਕੈਦ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ 108 ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਨਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 8 ਵਜੇ ਮਨਪ੍ਰੀਤ ਸਿੰਘ ਘਰੋਂ ਕੰਮ ਲਈ ਨਿਕਲਿਆ ਸੀ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਕਿੱਥੇ ਕੰਮ ਕਰਨ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਮਨਪ੍ਰੀਤ ਸਿੰਘ ਹੀ ਕੰਮ ਕਰਦਾ ਸੀ। ਬਦਕਿਸਮਤੀ ਨਾਲ ਅੱਜ ਉਸ ਨਾਲ ਇਹ ਹਾਦਸਾ ਵਾਪਰ ਗਿਆ। ਦੂਜੇ ਪਾਸੇ, ਪੁਲਿਸ ਨੇ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News