Daily Suraj

ਪੰਜਾਬੀ

ਓਨਟਾਰੀਓ ਵਿੱਚ ਨਿਵੇਸ਼ ਦੇ ਵਾਅਦੇ ਨਾਲ ਕੰਪਨੀ ਨੂੰ ਮਿਲੀ ਵਾਪਸੀ

14 Feb, 2026 04:27 PM

ਮਸ਼ਹੂਰ ਵਿਸਕੀ ਬ੍ਰਾਂਡ Crown Royal ਤਿਆਰ ਕਰਨ ਵਾਲੀ ਕੰਪਨੀ ਵੱਲੋਂ ਓਨਟਾਰੀਓ ਵਿੱਚ 23 ਮਿਲੀਅਨ ਡਾਲਰ ਦੇ ਨਿਵੇਸ਼ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪ੍ਰਾਂਤੀ ਸਰਕਾਰ ਨਾਲ ਇਸਦੀ ਡੀਲ ਹੋ ਗਈ ਹੈ। ਇਸ ਸਮਝੌਤੇ ਦੇ ਤਹਿਤ ਹੁਣ ਇਸ ਬ੍ਰਾਂਡ ਨੂੰ ਮੁੜ LCBO ਦੀਆਂ ਸ਼ੈਲਫਾਂ ‘ਤੇ ਰੱਖਣ ਦੀ ਇਜਾਜ਼ਤ ਮਿਲ ਗਈ ਹੈ। ਜਿਕਰਯੋਗ ਹੈ ਕਿ ਪਹਿਲਾਂ ਕੰਪਨੀ ਵੱਲੋਂ Amherstburg ਸਥਿਤ ਬੌਟਲਿੰਗ ਪਲਾਂਟ ਬੰਦ ਕਰਨ ਅਤੇ ਕੁਝ ਨੌਕਰੀਆਂ ਅਮਰੀਕਾ ਭੇਜਣ ਦੇ ਫੈਸਲੇ ਤੋਂ ਬਾਅਦ ਸਰਕਾਰ ਨੇ ਕੜਾ ਰੁੱਖ ਅਖਤਿਆਰ ਕੀਤਾ ਸੀ। ਉਸ ਵੇਲੇ ਪ੍ਰੀਮੀਅਰ Doug Ford ਨੇ ਕ੍ਰਾਊਨ ਰੌਇਲ ਨੂੰ ਐਲਸੀਬੀਓ ਦੀਆਂ ਸ਼ੈਲਫਾਂ ਤੋਂ ਹਟਾਉਣ ਦਾ ਐਲਾਨ ਕੀਤਾ ਸੀ। ਹੁਣ ਪ੍ਰਾਂਤੀ ਸਰਕਾਰ ਵੱਲੋਂ ਜਾਰੀ ਨਿਊਜ਼ ਰਿਲੀਜ਼ ਵਿੱਚ ਦੱਸਿਆ ਗਿਆ ਹੈ ਕਿ ਕ੍ਰਾਊਨ ਰੌਇਲ ਦੀ ਮਾਲਕ ਕੰਪਨੀ Diageo ਨਾਲ ਸਮਝੌਤਾ ਤੈਅ ਹੋ ਗਿਆ ਹੈ। ਕੰਪਨੀ ਨੇ ਓਨਟਾਰੀਓ ਵਿੱਚ ਨਿਵੇਸ਼ ਅਤੇ ਸਥਾਨਕ ਕਾਰੋਬਾਰ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਜਤਾਈ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਸਮਝੌਤਾ ਸੂਬੇ ਵਿੱਚ ਰੋਜ਼ਗਾਰ ਅਤੇ ਉਦਯੋਗਿਕ ਨਿਵੇਸ਼ ਲਈ ਸਕਾਰਾਤਮਕ ਸਾਬਤ ਹੋਵੇਗਾ। ਇਸ ਨਾਲ ਸਥਾਨਕ ਅਰਥਵਿਵਸਥਾ ਨੂੰ ਵੀ ਫਾਇਦਾ ਹੋਣ ਦੀ ਉਮੀਦ ਹੈ। ਵਿਸ਼ਲੇਸ਼ਕਾਂ ਮੁਤਾਬਕ ਇਹ ਫੈਸਲਾ ਸਰਕਾਰ ਅਤੇ ਨਿੱਜੀ ਖੇਤਰ ਵਿਚਕਾਰ ਸਹਿਯੋਗ ਦਾ ਉਦਾਹਰਨ ਹੈ, ਜਿੱਥੇ ਨਿਵੇਸ਼ ਅਤੇ ਰੋਜ਼ਗਾਰ ਨੂੰ ਤਰਜੀਹ ਦਿੱਤੀ ਗਈ ਹੈ।

Posted By: Daily Suraj Bureau

Latest News