Daily Suraj

ਪੰਜਾਬੀ

SIR ਦੇ ਮੁੱਦੇ ’ਤੇ ਹੰਗਾਮਾ ਜਾਰੀ; ਲੋਕ ਸਭਾ ਤੇ ਰਾਜ ਸਭਾ 2 ਵਜੇ ਤੱਕ ਮੁਲਤਵੀ

02 Dec, 2025 06:26 PM

ਵੋਟਰ ਸੂਚੀਆਂ ਦੀ ਵਿਸ਼ੇਸ਼ ਪੜਤਾਲ (SIR) ਦੇ ਮੁੱਦੇ ’ਤੇ ਬਹਿਸ ਦੀ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਦੂਜੇ ਦਿਨ ਵੀ ਦੋਵਾਂ ਸਦਨਾਂ ਵਿਚ ਜ਼ੋਰਦਾਰ ਹੰਗਾਮਾ ਦੇਖਣ ਨੂੰ ਮਿਲਿਆ। ਹੰਗਾਮੇ ਕਰਕੇ ਲੋਕ ਸਭਾ ਦੀ ਕਾਰਵਾਈ ਵਿਚ ਦੋ ਵਾਰ ਅੜਿੱਕਾ ਪਿਆ। ਵਿਰੋਧੀ ਧਿਰਾਂ ਦੇ ਮੈਂਬਰ ਸਦਨ ਦੇ ਐਨ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਦੇ ਰਹੇ ਜਿਸ ਕਰਕੇ ਸਪੀਕਰ ਓਮ ਬਿਰਲਾ ਨੇ ਲੋਕ ਸਭਾ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਤੇ ਮਗਰੋਂ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਉਧਰ ਉਪਰਲੇ ਸਦਨ ਰਾਜ ਸਭਾ ਵਿਚ ਵੀ ਵਿਰੋਧੀ ਧਿਰਾਂ ਨੇ ਐੱਸਆਈਆਰ ਦੇ ਮੁੱਦੇ ’ਤੇ ਨਾਅਰੇਬਾਜ਼ੀ ਕੀਤੀ ਜਿਸ ਕਰਕੇ ਸਦਨ ਦੀ ਕਾਰਵਾਈ ਇਕ ਘੰਟੇ ਦੇ ਕਰੀਬ ਚੱਲਣ ਮਗਰੋਂ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਕਾਬਿਲੇਗੌਰ ਹੈ ਕਿ ਸਪੀਕਰ ਓਮ ਬਿਰਲਾ ਨੇ ਸੋਮਵਾਰ ਨੂੰ ਮੈਂਬਰਾਂ ਨੂੰ ਲੋਕ ਸਭਾ ਦੀ ਮਰਿਆਦਾ ਨੂੰ ਢਾਹ ਲਾਉਣ ਖ਼ਿਲਾਫ਼ ਚੇਤਾਵਨੀ ਦਿੱਤੀ ਸੀ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਹ ਚਰਚਾ ਲਈ ਤਿਆਰ ਹੈ ਪਰ ਇਸ ਲਈ ਹਾਲੇ ਸਮਾਂ ਤੈਅ ਨਹੀਂ ਕੀਤਾ ਜਾ ਸਕਦਾ ਹੈ।

ਇਸ ਤੋਂ ਪਹਿਲਾਂ ਅੱਜ ਵਿਰੋਧੀ ਧਿਰਾਂ ਦੇ ਗੱਠਜੋੜ ਇੰਡੀਆ ਵਿਚ ਸ਼ਾਮਲ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸਰਦ ਰੁੱਤ ਇਜਲਾਸ ਦੌਰਾਨ ਚੋਣ ਸੁਧਾਰਾਂ ਦੇ ਵਿਸ਼ੇ ’ਤੇ ਚਰਚਾ ਦੀ ਮੰਗ ਤੇ ਵਿਸ਼ੇਸ਼ ਵਿਆਪਕ ਸੋਧ (SIR) ਦਾ ਵਿਰੋਧ ਕਰਦੇ ਹੋਏ ਮੰਗਲਵਾਰ ਨੂੰ ਸੰਸਦੀ ਅਹਾਤੇ ਵਿਚ ਪ੍ਰਦਰਸ਼ਨ ਕੀਤਾ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਦੇ ਮਕਰ ਗੇਟ ਨੇੜੇ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਵਿਚ ਕਾਂਗਰਸ ਦੇ ਸੰਸਦੀ ਦਲ ਦੀ ਪ੍ਰਮੁੱਖ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਡੀਐੱਮਕੇ ਆਗੂ ਟੀ.ਆਰ. ਬਾਲੂ ਅਤੇ ਹੋਰ ਵਿਰੋਧੀ ਆਗੂ ਸ਼ਾਮਲ ਸਨ। ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਆਗੂਆਂ ਨੇ ‘ਐੱਸਆਈਆਰ ਵਾਪਸ ਲਓ’ ਦੇ ਨਾਅਰੇ ਲਗਾਏ।
 

ਉਧਰ ਕਾਂਗਰਸ ਆਗੂ ਰੇਣੂਕਾ ਚੌਧਰੀ ਨੇ ਨਵੇਂ ਮੋਬਾਈਲ ਹੈਂਡਸੈੱਟਾਂ ਵਿੱਚ ਸੰਚਾਰ ਸਾਥੀ ਐਪ ਦੀ ਸਥਾਪਨਾ ਬਾਰੇ ਸਰਕਾਰ ਦੇ ਨਿਰਦੇਸ਼ਾਂ ’ਤੇ ਚਰਚਾ ਕਰਨ ਲਈ ਰਾਜ ਸਭਾ ਵਿਚ ਕੰਮ ਰੋਕੂ ਮਤਾ ਦਾਇਰ ਕੀਤਾ। ਆਪਣੇ ਮੁਲਤਵੀ ਨੋਟਿਸ ਵਿੱਚ ਸੰਸਦ ਮੈਂਬਰ ਨੇ ਕਿਹਾ, "ਗੋਪਨੀਯਤਾ ਦਾ ਅਧਿਕਾਰ ਸੰਵਿਧਾਨ ਦੀ ਧਾਰਾ 21 ਤਹਿਤ ਗਾਰੰਟੀਸ਼ੁਦਾ ਜੀਵਨ ਅਤੇ ਨਿੱਜੀ ਆਜ਼ਾਦੀ ਦੇ ਮੌਲਿਕ ਅਧਿਕਾਰ ਦਾ ਇੱਕ ਅੰਦਰੂਨੀ ਪਹਿਲੂ ਹੈ। ਦੂਰਸੰਚਾਰ ਵਿਭਾਗ ਦਾ ਸਰਕੂਲਰ ਜੋ ਸਮਾਰਟਫੋਨ ਨਿਰਮਾਤਾਵਾਂ ਅਤੇ ਦਰਾਮਦਕਾਰਾਂ ਨੂੰ "ਸੰਚਾਰ ਸਾਥੀ" ਐਪਲੀਕੇਸ਼ਨ ਨੂੰ ਇਸ ਤਰੀਕੇ ਨਾਲ ਪਹਿਲਾਂ ਤੋਂ ਲੋਡ ਕਰਨ ਲਈ ਨਿਰਦੇਸ਼ ਦਿੰਦਾ ਹੈ ਜਿਸਨੂੰ ਮਿਟਾਇਆ ਨਹੀਂ ਜਾ ਸਕਦਾ, ਇਸ ਮੌਲਿਕ ਅਧਿਕਾਰ ਦਾ ਗੰਭੀਰ ਅਪਮਾਨ ਹੈ।"

ਕਾਬਿਲੇਗੌਰ ਹੈ ਕਿ ਵਿਰੋਧੀ ਧਿਰਾਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ ਦੇ ਮੁੱਦੇ ਉੱਤੇ ਸੋਮਵਾਰ ਨੂੰ ਲੋਕ ਸਭਾ ਵਿਚ ਹੰਗਾਮਾ ਕੀਤਾ ਸੀ, ਜਿਸ ਕਰਕੇ ਸਦਨ ਦੀ ਕਾਰਵਾਈ ਵਿਚ ਕਈ ਵਾਰ ਅੜਿੱਕਾ ਪਿਆ। ਵਿਰੋਧੀ ਧਿਰਾਂ ਨੇ ਐਤਵਾਰ ਨੂੰ ਸਰਬ ਪਾਰਟੀ ਬੈਠਕ ਤੇ ਦੋਵਾਂ ਸਦਨਾਂ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ (ਬੀਏਸੀ) ਦੀਆਂ ਬੈਠਕਾਂ ਵਿਚ ਇਹ ਮੰਗ ਰੱਖੀ ਸੀ ਕਿ ਸਰਦ ਰੁੱਤ ਇਜਲਾਸ ਦੌਰਾਨ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐੱਸਆਈਆਰ) ਸਮੇਤ ਵਿਆਪਕ ਚੋਣ ਸੁਧਾਰਾਂ ਬਾਰੇ ਚਰਚਾ ਹੋਣੀ ਚਾਹੀਦੀ ਹੈ। ਸੰਸਦ ਦਾ ਸਰਦ ਰੁੱਤ ਇਜਲਾਸ ਸੋਮਵਾਰ ਨੂੰ ਸ਼ੁਰੂ ਹੋਇਆ ਤੇ ਇਹ 19 ਦਸੰਬਰ ਨੂੰ ਖ਼ਤਮ ਹੋਵੇਗਾ।

Posted By: Daily Suraj Bureau

Latest News