ਸੀਵਰੇਜ ਦੇ ਪਾਣੀ ਦਾ ਪੱਕਾ ਹੱਲ ਕਰਵਾਉਣ ਲਈ ਠੀਕਰੀਵਾਲਾ ਚੌਕ ’ਚ ਲਾਇਆ ਧਰਨਾ
- ਪੰਜਾਬ
- 06 Dec,2024

ਮਾਨਸਾ : ਸ਼ਹਿਰ ਵਿਚਲੇ ਸੀਵਰੇਜ਼ ਦੇ ਪਾਣੀ ਦਾ ਦਰੁਸਤ ਹੱਲ ਕਰਵਾਉਣ ਲਈ ਠੀਕਰੀਵਾਲਾ ਚੌਂਕ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਧਰਨਾ ਲਗਾਇਆ ਗਿਆ। ਧਰਨੇ ਦੇ 40ਵੇਂ ਦਿਨ ਧਰਨੇ ਤੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਰੁਲਦੂ ਸਿੰਘ ਮਾਨਸਾ ਤੇ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਸੀਵਰੇਜ ਦਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਉਲਝਿਆ ਹੋਇਆ ਹੈ। ਇਸ ਦੇ ਪੁਖਤਾ ਹੱਲ ਕਰਨ ਦੀ ਸ਼ਹਿਰ ਦੇ ਵਾਰਡਾਂ ਦੀਆਂ ਗਲੀਆਂ ਉੱਚੀਆਂ ਕਰਨ, ਦੁਆਰਾ ਬਣਾਉਣ ਦਾ ਸਿਲਸਿਲਾ ਚਲਦਾ ਰਹਿੰਦਾ ਹੈ। ਇਸ ਨਾਲ ਸ਼ਹਿਰੀਆਂ ਦੇ ਬਣੇ ਮਕਾਨ ਨੀਵੇਂ ਹੋ ਜਾਂਦੇ ਹਨ ਤੇ ਸੀਵਰੇਜ ਦਾ ਓਵਰਫ਼ਲੋ ਹੋ ਕੇ ਗਲੀਆਂ ਵਿੱਚ ਪਾਣੀ ਖਿਲਰਣਾ ਜਿਊਂ ਦਾ ਤਿਊਂ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮੀਂਹ ਦੇ ਦਿਨਾਂ ਵਿੱਚ ਇਹ ਸਮੱਸਿਆ ਸਾਰੇ ਬਜ਼ਾਰ ਤੇ ਆਮ ਵੱਸੋਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਉੱਥੇ ਹੀ ਮੀਹਾਂ ਤੋਂ ਬਿਨ੍ਹਾਂ ਆਮ ਦਿਨਾਂ ਵਿੱਚ ਵੀ ਗਲੀਆਂ ’ਚੋਂ ਲੰਘਣ ਦੀ ਕੋਈ ਪੈਰ ਧਰਨ ਦੀ ਜਗ੍ਹਾ ਨਹੀਂ ਬਚਦੀ। ਉਨ੍ਹਾਂ ਕਿਹਾ ਕਿ ਬੇਸ਼ੱਕ ਵਾਰ ਵਾਰ ਇਸ ਮਸਲੇ ਦੇ ਹੱਲ ਦੀਆਂ ਕੋਸ਼ਿਸਾਂ ਕੀਤੀਆਂ ਗਈਆਂ, ਜੋ ਯੋਗ ਵਿਉਂਤਬੰਦੀ ਨਾ ਹੋਣ ਕਾਰਨ ਸਿਰੇ ਨਹੀਂ ਚੜ੍ਹ ਸਕੀਆਂ। ਸ਼ਹਿਰੀ ਪੰਜ ਸਾਲਾਂ ਤੋਂ ਇਸੇ ਵਰਤਾਰੇ ਨਾਲ ਜੂਝਦੇ ਰਹੇ। ਉਨ੍ਹਾਂ ਪੰਜਾਬ ਸਰਕਾਰ ਤੇ ਸੀਵਰੇਜ ਬੋਰਡ ਤੋਂ ਮੰਗ ਕੀਤੀ ਕਿ ਪਾਣੀ ਦੇ ਪੁਖਤਾ ਹੱਲ ਲਈ ਜਿੱਥੇ ਹੀ ਫੰਡਾਂ ਦਾ ਯੋਜਨਾਬੱਧ ਤਰੀਕੇ ਨਾਲ ਲਗਾਉਣਾ ਫ਼ੌਰੀ ਜ਼ਰੂਰੀ ਹੈ। ਉੱਥੇ ਹੀ ਪੰਜਾਬ ਵਿੱਚ ਕੰਪਨੀਆਂ ਵੱਲੋਂ ਭੇਜੇ ਜਾ ਰਹੇ ਰਹੇ ਪਲਾਸਟਿਕ ਪੌਲੀਥੀਨ ਲਿਫਾਫਿਆਂ ਤੇ ਪੂਰਨ ਪਾਬੰਧੀ ਲਗਾਉਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਪਰਾਲੀ ਫੂਕਣ ਤੇ ਰੋਕ ਲਗਾਉਣ ਦਾ ਫੈਸਲਾ ਸਰਕਾਰ ਨੇ ਸਖਤੀ ਨਾਲ ਲਿਆ ਹੈ, ਓਸੇ ਤਰੀਕੇ ਹੀ ਲਿਫ਼ਾਫ਼ੇ ਬਣਾ ਰਹੀਆਂ ਕੰਪਨੀਆਂ ਤੇ ਸ਼ਿਕੰਜਾ ਕੱਸਿਆ ਜਾਵੇ ਤੇ ਇਸਦੀ ਵਰਤੋਂ ਪੂਰਨ ਰੋਕ ਲਗਾਈ ਜਾਵੇ ਤਾਂ ਜੋ ਵਰਤੋਂ ਤੋਂ ਬਾਅਦ ਲਿਫਾਫੇ ਪਾਣੀ ਦੀ ਸਪਲਾਈ ਵਿੱਚ ਜਾਣ ਤੋਂ ਰੋਕੇ ਜਾ ਸਕਣ।
Posted By:

Leave a Reply