Daily Suraj

ਪੰਜਾਬੀ

ਕੈਨਮੋਰ ਦੇ ਹੋਟਲ ਵਿੱਚ ਹਾਦਸਾ, ਸਵਿਮਿੰਗ ਦੌਰਾਨ ਬੱਚਿਆਂ ਦੀ ਤਬੀਅਤ ਵਿਗੜੀ

27 Jan, 2026 04:16 PM

ਅਲਬਰਟਾ,ਵੀਕੈਂਡ ਦੌਰਾਨ ਕੈਨਮੋਰ ਸਥਿਤ ਇੱਕ ਹੋਟਲ ਦੇ ਸਵਿਮਿੰਗ ਪੂਲ ਵਿੱਚ ਕਲੋਰੀਨ ਗੈਸ ਲੀਕ ਹੋਣ ਕਾਰਨ ਘੱਟੋ-ਘੱਟ 11 ਬੱਚੇ ਬਿਮਾਰ ਪੈ ਗਏ। ਇਹ ਬੱਚੇ ਅਲਬਰਟਾ ਦੀ ਇੱਕ ਮਾਈਨਰ ਹਾਕੀ ਟੀਮ ਨਾਲ ਸਬੰਧਤ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਮਾਪਿਆਂ ਵੱਲੋਂ ਹੋਟਲ ਪ੍ਰਬੰਧਨ ਅਤੇ ਸਿਹਤ ਅਧਿਕਾਰੀਆਂ ਕੋਲੋਂ ਜਵਾਬ ਮੰਗੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ, 25 ਜਨਵਰੀ ਨੂੰ ਮੈਲਿਸਾ ਅਰਲ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ 1402 ਬੋਅ ਵੈਲੀ ਟਰੇਲ ’ਤੇ ਸਥਿਤ ਕੈਨਮੋਰ ਇੰਨ ਐਂਡ ਸੁਈਟਸ ਵਿੱਚ ਠਹਿਰੀ ਹੋਈ ਸੀ। ਟੂਰਨਾਮੈਂਟ ਤੋਂ ਪਹਿਲਾਂ ਉਸ ਦੇ ਪਤੀ ਆਪਣੇ ਦੋ ਬੱਚਿਆਂ ਨੂੰ ਸਵਿਮਿੰਗ ਲਈ ਪੂਲ ਵਿੱਚ ਲੈ ਗਏ, ਜਦਕਿ ਮੈਲਿਸਾ ਤੀਜੇ ਬੱਚੇ ਨਾਲ ਬ੍ਰੇਕਫਾਸਟ ਲਈ ਰਹਿ ਗਈ। ਸਵੇਰੇ ਕਰੀਬ 10:30 ਵਜੇ ਜਦੋਂ ਮੈਲਿਸਾ ਪੂਲ ਕੋਲ ਪਹੁੰਚੀ ਤਾਂ ਉਸ ਨੇ ਮਹਿਸੂਸ ਕੀਤਾ ਕਿ ਕੁਝ ਗਲਤ ਹੈ। ਉਸ ਦੇ ਦੋਵੇਂ ਬੱਚੇ ਪਾਣੀ ਤੋਂ ਬਾਹਰ ਆ ਚੁੱਕੇ ਸਨ ਅਤੇ ਉਹਨਾਂ ਦੀ ਤਬੀਅਤ ਠੀਕ ਨਹੀਂ ਲੱਗ ਰਹੀ ਸੀ। ਕੁਝ ਹੀ ਪਲਾਂ ਵਿੱਚ ਹੋਰ ਬੱਚੇ ਵੀ ਪੂਲ ਤੋਂ ਬਾਹਰ ਨਿਕਲਣ ਲੱਗ ਪਏ ਅਤੇ ਕਈਆਂ ਨੂੰ ਉਲਟੀਆਂ ਆਉਣ ਲੱਗੀਆਂ। ਸਰਕਾਰੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪੈਰਾਮੈਡਿਕਸ ਨੂੰ ਸਵੇਰੇ 11:00 ਵਜੇ ਹੋਟਲ ਬੁਲਾਇਆ ਗਿਆ। ਮੌਕੇ ’ਤੇ ਨੌਂ ਬੱਚਿਆਂ ਦੀ ਜਾਂਚ ਕਰਕੇ ਮੁੱਢਲਾ ਇਲਾਜ ਕੀਤਾ ਗਿਆ, ਜਦਕਿ ਇੱਕ ਬੱਚੇ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਬਾਕੀ ਗਿਆਰਾਂ ਬੱਚਿਆਂ ਦੀ ਵੀ ਹਸਪਤਾਲ ਵਿੱਚ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ ਇੱਕ ਨੂੰ ਕੈਲਗਰੀ ਦੇ ਅਲਬਰਟਾ ਚਿਲਡਰਨਜ਼ ਹਸਪਤਾਲ ਰੈਫ਼ਰ ਕੀਤਾ ਗਿਆ। ਕੈਨਮੋਰ ਫਾਇਰ ਰੈਸਕਿਊ ਦੀ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਸ਼ੁਰੂਆਤੀ ਜਾਂਚ ਵਿੱਚ ਕਲੋਰੀਨ ਗੈਸ ਲੀਕ ਨੂੰ ਇਸ ਘਟਨਾ ਦਾ ਕਾਰਨ ਦੱਸਿਆ ਗਿਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੂਲ ਸੇਫ਼ਟੀ ਮਾਪਦੰਡਾਂ ’ਤੇ ਸਵਾਲ ਖੜੇ ਹੋ ਗਏ ਹਨ।

Posted By: Daily Suraj Bureau

Latest News