Daily Suraj

ਪੰਜਾਬੀ

ਮੀਂਹ ਦੇ ਬਾਵਜੂਦ ਭਾਜਪਾ ਰੈਲੀ ’ਚ ਭਾਰੀ ਇਕੱਠ, 2000 ਪਰਿਵਾਰ ਪਾਰਟੀ ’ਚ ਸ਼ਾਮਲ

30 Mar, 2026 07:33 AM

ਇੱਥੋਂ ਦੀ ਨਵੀਂ ਅਨਾਜ ਮੰਡੀ ਵਿੱਚ ਹਲਕਾ ਖਰੜ ਦੇ ਆਗੂ ਰਣਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸੂਬਾ ਪੱਧਰੀ ਰੈਲੀ ਕਰਵਾਈ ਗਈ। ਇਸ ਰੈਲੀ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਡਾ. ਸੁਭਾਸ਼ ਸ਼ਰਮਾ ਸਮੇਤ ਕਈ ਹੋਰ ਆਗੂਆਂ ਨੇ ਸ਼ਿਰਕਤ ਕੀਤੀ। ਭਾਰੀ ਮੀਂਹ ਦੇ ਬਾਵਜੂਦ ਹੋਈ ਇਸ ਰੈਲੀ ਦੌਰਾਨ ਭਾਜਪਾ ਆਗੂਆਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਖ਼ਿਲਾਫ਼ ਤਿੱਖੇ ਹਮਲੇ ਕੀਤੇ, ਜਦਕਿ ਸ਼੍ਰੋਮਣੀ ਅਕਾਲੀ ਦਲ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਸ ਮੌਕੇ ਲਗਭਗ ਦੋ ਹਜ਼ਾਰ ਪਰਿਵਾਰਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਨਾਇਬ ਸਿੰਘ ਸੈਣੀ ਨੇ ‘ਆਪ’ ਅਤੇ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਪੰਜਾਬ ਨੂੰ ਇਨ੍ਹਾਂ ਪਾਰਟੀਆਂ ਤੋਂ ਮੁਕਤ ਕਰਵਾ ਕੇ ਸੁਨਹਿਰੇ ਭਵਿੱਖ ਵੱਲ ਲੈ ਜਾਣ ਦਾ ਸੰਦੇਸ਼ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਵੀਂ ਦਿਸ਼ਾ, ਊਰਜਾ ਅਤੇ ਮਜ਼ਬੂਤ ਅਗਵਾਈ ਦੀ ਲੋੜ ਹੈ, ਜੋ ਸਿਰਫ ਭਾਜਪਾ ਦੀ ਡਬਲ ਇੰਜਣ ਸਰਕਾਰ ਹੀ ਮੁਹੱਈਆ ਕਰਵਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਕਿਸਾਨਾਂ, ਮਹਿਲਾਵਾਂ ਤੇ ਹਰ ਵਰਗ ਦੀ ਭਲਾਈ ਭਾਜਪਾ ਹੀ ਯਕੀਨੀ ਬਣਾਏਗੀ। ਸੈਣੀ ਨੇ ‘ਆਪ’ ਅਤੇ ਅਰਵਿੰਦ ਕੇਜਰੀਵਾਲ ’ਤੇ ਪੰਜਾਬ ਦੇ ਧਨ ਦੇ ਗਲਤ ਇਸਤੇਮਾਲ ਦੇ ਦੋਸ਼ ਲਗਾਏ ਅਤੇ ਕਾਂਗਰਸ ਦੇ ਦਸ ਸਾਲਾਂ ਦੇ ਰਾਜ ਦੌਰਾਨ ਭ੍ਰਿਸ਼ਟਾਚਾਰ ਤੇ ਪਰਿਵਾਰਵਾਦ ਵਿੱਚ ਵਾਧਾ ਹੋਣ ਦੀ ਗੱਲ ਕਹੀ। ਇਸ ਮੌਕੇ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਨੇ ਵੀ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਅਤੇ ਕਿਹਾ ਕਿ ਇਸ ਦੇ ਰਾਜ ਵਿੱਚ ਪੰਜਾਬ ਦੇ ਹਾਲਾਤ ਖਰਾਬ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ 2027 ਨੇੜੇ ਆਉਂਦੇ ਹੀ ਸੂਬੇ ਦੀ ਸਿਆਸਤ ਭਾਜਪਾ ਦੇ ਹੱਕ ਵਿੱਚ ਮੋੜ ਲੈਂਦੀ ਨਜ਼ਰ ਆ ਰਹੀ ਹੈ। ਅੰਤ ਵਿੱਚ ਰਣਜੀਤ ਸਿੰਘ ਗਿੱਲ ਨੇ ਪਾਰਟੀ ਆਗੂਆਂ ਦਾ ਸਨਮਾਨ ਕਰਦਿਆਂ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਰਣਧੀਰ ਸਿੰਘ ਧੀਰਾ, ਸੁਖਵਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਭਾਨੂੰ ਪ੍ਰਤਾਪ ਸਮੇਤ ਹੋਰ ਆਗੂ ਵੀ ਹਾਜ਼ਰ ਸਨ।

Posted By: Daily Suraj Bureau

Latest News