ਸ਼ਿਮਲਾ ਵਿੱਚ ਢਿੱਗਾਂ ਖਿਸਕਣ ਨਾਲ ਕਈ ਘਰਾਂ 'ਤੇ ਮੰਡਰਾਇਆ ਖ਼ਤਰਾ, ਭਾਰੀ ਮੀਂਹ ਦਾ ਅਲਰਟ ਜਾਰੀ
ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਢਿੱਗਾਂ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸ਼ਿਮਲਾ ਦੇ ਸੰਜੌਲੀ ਇਲਾਕੇ ਵਿੱਚ ਭੂ-ਖਿਸਕਾਅ ਕਾਰਨ ਕਈ ਰਿਹਾਇਸ਼ੀ ਮਕਾਨ ਖ਼ਤਰੇ ਦੀ ਜ਼ਦ ਵਿੱਚ ਆ ਗਏ ਹਨ, ਜਿਸ ਨਾਲ ਸਥਾਨਕ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਸ਼ਨੀਵਾਰ ਨੂੰ ਸੰਜੌਲੀ ਦੇ ਸਰਕਾਰੀ ਕਾਲਜ ਨੇੜਲੇ ਬੌਥਵੈੱਲ ਖੇਤਰ ਵਿੱਚ ਵੱਡੀ ਮਾਤਰਾ ਵਿੱਚ ਮਲਬਾ ਡਿੱਗਣ ਦੀ ਘਟਨਾ ਵਾਪਰੀ। ਅਚਾਨਕ ਪੱਥਰਾਂ ਅਤੇ ਮਲਬੇ ਦੇ ਡਿੱਗਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸ਼ਿਮਲਾ ਦੇ ਰਾਜਹਾਨਾ ਪਿੰਡ ਵਿੱਚ ਵੀ ਇੱਕ ਹੋਰ ਭੂ-ਖਿਸਕਾਅ ਦੀ ਘਟਨਾ ਵਾਪਰੀ। ਵੱਡੀ ਮਾਤਰਾ ਵਿੱਚ ਪੱਥਰ, ਚੱਟਾਨਾਂ ਅਤੇ ਮਲਬਾ ਸੜਕ 'ਤੇ ਆ ਡਿੱਗਿਆ, ਜਿਸ ਕਾਰਨ ਸੜਕ ਕਿਨਾਰੇ ਖੜ੍ਹੇ ਕਈ ਵਾਹਨ ਨੁਕਸਾਨੇ ਗਏ ਅਤੇ ਕੁਝ ਵਾਹਨ ਅੰਸ਼ਕ ਤੌਰ 'ਤੇ ਮਲਬੇ ਹੇਠ ਦੱਬ ਗਏ। ਹਾਲਾਂਕਿ, ਦੋਵੇਂ ਘਟਨਾਵਾਂ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਹੋਰ ਵਿਭਾਗਾਂ ਦੀ ਮਦਦ ਨਾਲ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਪ੍ਰਭਾਵਿਤ ਇਲਾਕਿਆਂ ਵਿੱਚ ਆਵਾਜਾਈ ਅਤੇ ਹੋਰ ਗਤੀਵਿਧੀਆਂ ਨੂੰ ਜਲਦ ਤੋਂ ਜਲਦ ਆਮ ਕੀਤਾ ਜਾ ਸਕੇ। ਉੱਧਰ, ਸੂਬੇ ਵਿੱਚ ਭਾਰੀ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਨੇ ਸ਼ਨੀਵਾਰ ਲਈ ਸ਼ਿਮਲਾ, ਕੁੱਲੂ, ਚੰਬਾ, ਬਿਲਾਸਪੁਰ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਯੈਲੋ ਮੌਸਮ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਇਨ੍ਹਾਂ ਜ਼ਿਲ੍ਹਿਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਕੇਂਦਰ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਭਾਰੀ ਮੀਂਹ ਕਾਰਨ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਸਕਦਾ ਹੈ, ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ, ਸੜਕਾਂ ਤਿਲਕਣ ਵਾਲੀਆਂ ਹੋ ਸਕਦੀਆਂ ਹਨ ਅਤੇ ਸਥਾਨਕ ਜ਼ਰੂਰੀ ਸੇਵਾਵਾਂ ਅਸਥਾਈ ਤੌਰ 'ਤੇ ਪ੍ਰਭਾਵਿਤ ਹੋ ਸਕਦੀਆਂ ਹਨ। ਲੋਕਾਂ ਨੂੰ ਸੰਵੇਦਨਸ਼ੀਲ ਖੇਤਰਾਂ ਅਤੇ ਦਰਿਆਵਾਂ, ਨਾਲਿਆਂ ਸਮੇਤ ਜਲ ਸਰੋਤਾਂ ਦੇ ਨੇੜੇ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਗਈ ਹੈ।
Posted By: Daily Suraj Bureau