Daily Suraj

ਪੰਜਾਬੀ

ਪੰਜਾਬ ਪੁਲੀਸ ਲਈ ਸ਼ਰਮਸਾਰ ਕਰਨ ਵਾਲੀ ਘਟਨਾ: 'ਐਂਟੀ ਡਰੋਨ ਬੱਸ' ਦਾ ਸਿਪਾਹੀ ਹੀ ਨਿਕਲਿਆ ਨਸ਼ਾ ਤਸਕਰ, 15 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ

14 Oct, 2026 09:17 AM

ਪੰਜਾਬ ਪੁਲੀਸ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਰਹੱਦ ਪਾਰੋਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਏ ਗਏ 'ਐਂਟੀ ਡਰੋਨ ਸਿਸਟਮ' 'ਤੇ ਤਾਇਨਾਤ ਪੰਜਾਬ ਪੁਲੀਸ ਦਾ ਸਿਪਾਹੀ ਹੀ ਆਪ ਨਸ਼ਾ ਤਸਕਰੀ ਕਰਦਾ ਫੜਿਆ ਗਿਆ ਹੈ। 'ਬਾਜ ਅੱਖ' ਬੈਨਰ ਹੇਠ ਕੌਮਾਂਤਰੀ ਸਰਹੱਦ 'ਤੇ ਤਾਇਨਾਤ 'ਐਂਟੀ ਡਰੋਨ ਸਿਸਟਮ' ਵਾਲੀ ਬੱਸ 'ਤੇ ਤਾਇਨਾਤ ਸਿਪਾਹੀ ਕਰਮ ਸਿੰਘ (ਬੈਲਟ ਨੰਬਰ 729) ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਸੀਮਾ ਸੁਰੱਖਿਆ ਬਲ (BSF) ਨੇ ਇੱਕ ਸਾਂਝੀ ਕਾਰਵਾਈ ਦੌਰਾਨ ਲੰਘੀ ਰਾਤ ਕਾਬੂ ਕੀਤਾ ਹੈ। ਤਰਨ ਤਾਰਨ ਪੁਲੀਸ ਵਿੱਚ ਤਾਇਨਾਤ ਸਿਪਾਹੀ ਕਰਮ ਸਿੰਘ ਪਿੰਡ ਭੂਸੇ ਦਾ ਰਹਿਣ ਵਾਲਾ ਹੈ। ਉਸ ਦੀ ਡਿਊਟੀ ਥਾਣਾ ਖਾਲੜਾ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਕੌਮਾਂਤਰੀ ਸਰਹੱਦ 'ਤੇ ਐਂਟੀ ਡਰੋਨ ਸਿਸਟਮ ਉੱਤੇ ਲਗਾਈ ਗਈ ਸੀ। ਪੁਲੀਸ ਵੱਲੋਂ ਜਿਸ ਜਵਾਨ ਨੂੰ ਪਾਕਿਸਤਾਨ ਵੱਲੋਂ ਡਰੋਨ ਰਾਹੀਂ ਭੇਜੇ ਜਾਣ ਵਾਲੇ ਨਸ਼ਿਆਂ 'ਤੇ ਨਿਗਰਾਨੀ ਰੱਖਣ ਅਤੇ ਤਸਕਰੀ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹੀ ਨਸ਼ੇ ਦਾ ਸੌਦਾਗਰ ਨਿਕਲਿਆ। ਮਿਲੀ ਜਾਣਕਾਰੀ ਅਨੁਸਾਰ, ਲੰਘੀ ਰਾਤ ਜਦੋਂ ਉਹ ਆਪਣੀ ਡਿਊਟੀ ਖ਼ਤਮ ਕਰਨ ਉਪਰੰਤ ਆਪਣੇ ਪਿੰਡ ਪਰਤ ਰਿਹਾ ਸੀ, ਤਾਂ ਉਸ ਨੂੰ ਰਸਤੇ ਵਿੱਚ ਹੀ ਘੇਰ ਕੇ ਕਾਬੂ ਕਰ ਲਿਆ ਗਿਆ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਿੱਚੋਂ 15 ਕਿੱਲੋ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਸੂਤਰਾਂ ਅਨੁਸਾਰ, ਸਿਪਾਹੀ ਕਰਮ ਸਿੰਘ ਖ਼ੁਦ ਵੀ ਨਸ਼ਾ ਕਰਨ ਦਾ ਆਦੀ ਹੈ। NCB ਵੱਲੋਂ ਹੁਣ ਉਸ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਇਹ 15 ਕਿੱਲੋ ਹੈਰੋਇਨ ਦੀ ਖੇਪ ਸਰਹੱਦ ਤੋਂ ਕਿਵੇਂ ਪ੍ਰਾਪਤ ਕੀਤੀ ਅਤੇ ਇਸ ਖੇਪ ਦੇ ਅੱਗੇ ਕਿਸ-ਕਿਸ ਤਸਕਰ ਨਾਲ ਤਾਰ ਜੁੜੇ ਹੋਏ ਸਨ। ਜ਼ਿਕਰਯੋਗ ਹੈ ਕਿ ਸਰਹੱਦ ਉੱਤੇ ਲਗਾਇਆ ਗਿਆ 'ਐਂਟੀ ਡਰੋਨ ਸਿਸਟਮ' ਪਾਕਿਸਤਾਨੀ ਡਰੋਨਾਂ ਦੀ ਘੁਸਪੈਠ ਅਤੇ ਨਸ਼ੇ ਦੀਆਂ ਖੇਪਾਂ ਦਾ ਸੁਰਾਗ ਲਗਾਉਣ ਲਈ ਹੀ ਵਰਤਿਆ ਜਾਂਦਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਦੇ ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਦੇ ਸਮੇਂ ਨਾਰਕੋਟਿਕਸ ਕੰਟਰੋਲ ਬਿਊਰੋ (NCB) ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਸਬੰਧਤ ਕਾਨੂੰਨੀ ਪ੍ਰਕਿਰਿਆ ਜਾਰੀ ਹੈ।

Latest News