ਸਿੱਕਮ ‘ਚ ਨਿਰਮਾਣ ਅਧੀਨ ਸੁਰੰਗ ‘ਚ ਵੱਡਾ ਹਾਦਸਾ, ਜ਼ਮੀਨ ਖਿਸਕਣ ਨਾਲ 7 ਮਜ਼ਦੂਰਾਂ ਦੀ ਮੌਤ
ਸਿੱਕਮ ਵਿੱਚ ਨਿਰਮਾਣ ਅਧੀਨ ਸਮਰਦੁੰਗ-ਮਾਮਰਿੰਗ ਸੁਰੰਗ ਵਿੱਚ ਵਾਪਰੇ ਇੱਕ ਵੱਡੇ ਹਾਦਸੇ ਦੌਰਾਨ ਜ਼ਮੀਨ ਖਿਸਕਣ ਕਾਰਨ ਸੁਰੰਗ ਦਾ ਐਂਟਰੀ ਗੇਟ ਬੰਦ ਹੋ ਗਿਆ, ਜਿਸ ਨਾਲ 27 ਮਜ਼ਦੂਰ ਅੰਦਰ ਫਸ ਗਏ। ਜ਼ਿਲ੍ਹਾ ਪ੍ਰਸ਼ਾਸਨ ਨੇ ਸੱਤ ਮਜ਼ਦੂਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਜਦੋਂਕਿ 20 ਹੋਰ ਮਜ਼ਦੂਰਾਂ ਦੇ ਅਜੇ ਵੀ ਸੁਰੰਗ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਹੈ ਕਿ ਫਸੇ ਹੋਏ ਲੋਕਾਂ ਦੀ ਸਹੀ ਗਿਣਤੀ ਬਾਰੇ ਸਪੱਸ਼ਟ ਜਾਣਕਾਰੀ ਬਾਅਦ ਵਿੱਚ ਹੀ ਸਾਹਮਣੇ ਆਵੇਗੀ। ਰਿਪੋਰਟਾਂ ਮੁਤਾਬਕ, ਸੁਰੰਗ ਅੰਦਰ ਫਸੇ 27 ਮਜ਼ਦੂਰਾਂ ਵਿੱਚੋਂ 21 ਪਟੇਲ ਇੰਜੀਨੀਅਰਿੰਗ ਨਾਲ ਸਬੰਧਤ ਹਨ, ਜਦਕਿ ਛੇ ਮਜ਼ਦੂਰ ਕਥਿਤ ਤੌਰ ‘ਤੇ NHPC ਨਾਲ ਜੁੜੇ ਹੋਏ ਹਨ। ਪ੍ਰਸ਼ਾਸਨ ਵੱਲੋਂ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਲਗਾਤਾਰ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਬਚਾਅ ਕਾਰਜਾਂ ਦੌਰਾਨ ਸੁਰੰਗ ਦੇ ਅੰਦਰ ਗੈਸ ਦੀ ਮੌਜੂਦਗੀ ਵੱਡੀ ਚੁਣੌਤੀ ਬਣੀ ਹੋਈ ਹੈ। ਇਸ ਕਾਰਨ ਕਈ ਬਚਾਅ ਕਰਮਚਾਰੀਆਂ ਨੂੰ ਚੱਕਰ ਆਏ ਅਤੇ ਕੁਝ ਕਰਮਚਾਰੀ ਅੰਦਰ ਬੇਹੋਸ਼ ਵੀ ਹੋ ਗਏ, ਜਿਸ ਨਾਲ ਰਾਹਤ ਅਤੇ ਬਚਾਅ ਕਾਰਜਾਂ ਦੀ ਰਫ਼ਤਾਰ ਪ੍ਰਭਾਵਿਤ ਹੋਈ ਹੈ। ਨਿਊਜ਼ ਏਜੰਸੀ ਆਈਏਐਨਐਸ ਦੇ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਨੇ ਸੱਤ ਮੌਤਾਂ ਦੀ ਅਧਿਕਾਰਤ ਪੁਸ਼ਟੀ ਕੀਤੀ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿੰਗਤਮ ਜ਼ਿਲ੍ਹਾ ਹਸਪਤਾਲ, ਗੰਗਟੋਕ ਦੇ ਐਸਟੀਐਨਐਮ ਹਸਪਤਾਲ ਅਤੇ ਨਾਮਚੀ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਨਾਮਚੀ ਜ਼ਿਲ੍ਹਾ ਪ੍ਰਸ਼ਾਸਨ, ਸਿੱਕਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (SSDMA) ਅਤੇ ਹੋਰ ਸਬੰਧਤ ਏਜੰਸੀਆਂ ਦੇ ਸਹਿਯੋਗ ਨਾਲ ਰਾਹਤ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਘਟਨਾ ਸਥਾਨ ‘ਤੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF), ਰਾਜ ਆਫ਼ਤ ਪ੍ਰਤੀਕਿਰਿਆ ਬਲ (SDRF), ਸਿੱਕਮ ਪੁਲਿਸ, ਫਾਇਰ ਐਂਡ ਐਮਰਜੈਂਸੀ ਸੇਵਾਵਾਂ, NHPC ਅਤੇ ਹੋਰ ਵਿਭਾਗਾਂ ਦੀਆਂ ਟੀਮਾਂ ਤਾਇਨਾਤ ਹਨ, ਜੋ ਫਸੇ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਕਰ ਰਹੀਆਂ ਹਨ।
Posted By: Daily Suraj Bureau