ਜਾਪਾਨ ਵਿੱਚ ਭਾਰਤੀ ਪੈਰਾ ਤੈਰਾਕ ਸ਼ਮਸ ਆਲਮ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼, ਹਿਰਾਸਤ ਤੋਂ ਬਾਅਦ ਭਾਰਤ ਡਿਪੋਰਟ
ਜਾਪਾਨ ਦੇ ਨਾਗੋਆ ਸ਼ਹਿਰ ਵਿੱਚ ਚੱਲ ਰਹੀਆਂ ਏਸ਼ੀਆਈ ਪੈਰਾ ਖੇਡਾਂ ਦੌਰਾਨ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਭਾਰਤੀ ਪੈਰਾ ਤੈਰਾਕ ਮੁਹੰਮਦ ਸ਼ਮਸ ਆਲਮ ਸ਼ੇਖ ਉੱਤੇ ਇੱਕ ਹੋਟਲ ਦੀ ਮਹਿਲਾ ਕਰਮਚਾਰੀ ਨਾਲ ਜਿਨਸੀ ਸ਼ੋਸ਼ਣ ਅਤੇ ਛੇੜਛਾੜ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਘਟਨਾ ਤੋਂ ਬਾਅਦ ਜਾਪਾਨੀ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਮਗਰੋਂ 40 ਸਾਲਾ ਤੈਰਾਕ ਨੂੰ ਭਾਰਤ ਵਾਪਸ ਡਿਪੋਰਟ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਨੇ ਏਸ਼ੀਆਈ ਪੈਰਾ ਖੇਡਾਂ ਵਿੱਚ ਭਾਰਤੀ ਦਲ ਨੂੰ ਬੇਹੱਦ ਸ਼ਰਮਸਾਰ ਕੀਤਾ ਹੈ, ਅਤੇ ਭਾਰਤੀ ਪੈਰਾ ਲੰਪਿਕ ਕਮੇਟੀ (PCI) ਉਸ ਉੱਤੇ ਉਮਰ ਭਰ ਦੀ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ। ਰਿਪੋਰਟਾਂ ਅਨੁਸਾਰ, ਇਹ ਕਥਿਤ ਘਟਨਾ ਸੋਮਵਾਰ ਨੂੰ ਉਸ ਹੋਟਲ ਵਿੱਚ ਵਾਪਰੀ ਜਿੱਥੇ ਭਾਰਤੀ ਪੈਰਾ-ਤੈਰਾਕੀ ਟੀਮ ਠਹਿਰੀ ਹੋਈ ਸੀ। ਹੋਟਲ ਦੀ ਇੱਕ ਮਹਿਲਾ ਹਾਊਸਕੀਪਿੰਗ ਕਰਮਚਾਰੀ ਜਦੋਂ ਸ਼ੇਖ ਦੇ ਕਮਰੇ ਵਿੱਚ ਆਪਣੀ ਡਿਊਟੀ ਨਿਭਾ ਰਹੀ ਸੀ, ਤਾਂ ਤੈਰਾਕ ਨੇ ਉਸ ਨਾਲ ਕਥਿਤ ਤੌਰ 'ਤੇ ਦੁਰਵਿਹਾਰ ਕੀਤਾ। ਇਸ ਤੋਂ ਬਾਅਦ ਪੀੜਤ ਕਰਮਚਾਰੀ ਵੱਲੋਂ ਸ਼ਿਕਾਇਤ ਸਥਾਨਕ ਆਯੋਜਨ ਕਮੇਟੀ ਅਤੇ ਭਾਰਤੀ ਦਲ ਦੇ ਅਧਿਕਾਰੀਆ ਤੱਕ ਪਹੁੰਚਾਈ ਗਈ। ਸਥਾਨਕ ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸ਼ੇਖ ਨੂੰ ਹਿਰਾਸਤ ਵਿੱਚ ਲਿਆ ਅਤੇ ਮੰਗਲਵਾਰ ਨੂੰ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ। ਇਸ ਕਾਰਨ ਸ਼ੇਖ ਏਸ਼ੀਆਈ ਪੈਰਾ ਖੇਡਾਂ ਵਿੱਚ ਆਪਣੇ ਨਿਰਧਾਰਤ ਮੁਕਾਬਲਿਆਂ ਵਿੱਚ ਹਿੱਸਾ ਲਏ ਬਿਨਾਂ ਹੀ ਘਰ ਵਾਪਸ ਪਰਤਣ ਲਈ ਮਜ਼ਬੂਰ ਹੋ ਗਿਆ। ਪੈਰਾ ਲੰਪਿਕ ਕਮੇਟੀ (PCI) ਵੱਲੋਂ ਖੇਡਾਂ ਦੀ ਸਮਾਪਤੀ ਤੋਂ ਬਾਅਦ ਇਸ ਮਾਮਲੇ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ। ਅਧਿਕਾਰੀਆਂ ਅਨੁਸਾਰ ਸ਼ੇਖ 'ਤੇ ਉਮਰ ਭਰ ਦੀ ਪਾਬੰਦੀ ਲਗਾਉਣ ਦਾ ਪ੍ਰਸਤਾਵ ਦਿੱਤਾ ਗਿਆ ਹੈ, ਜਿਸ 'ਤੇ ਅੰਤਿਮ ਰਸਮੀ ਫ਼ੈਸਲਾ ਆਉਣ ਵਾਲੇ ਦਿਨਾਂ ਵਿੱਚ ਲਿਆ ਜਾਵੇਗਾ। ਕੌਣ ਹੈ ਮੁਹੰਮਦ ਸ਼ਮਸ ਆਲਮ ਸ਼ੇਖ? 40 ਸਾਲਾ ਮੁਹੰਮਦ ਸ਼ਮਸ ਆਲਮ ਸ਼ੇਖ ਬਿਹਾਰ ਦਾ ਰਹਿਣ ਵਾਲਾ ਇੱਕ ਮਸ਼ਹੂਰ ਪੈਰਾ ਤੈਰਾਕ ਹੈ, ਜਿਸ ਨੇ ਕਈ ਅੰਤਰਰਾਸ਼ਟਰੀ ਮੰਚਾਂ 'ਤੇ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਵਰਲਡ ਪੈਰਾ ਸਵਿਮਿੰਗ ਰਿਕਾਰਡਾਂ ਅਨੁਸਾਰ ਉਹ ਪੁਰਸ਼ਾਂ ਦੀ 100 ਮੀਟਰ ਬਟਰਫਲਾਈ S5 ਅਤੇ 50 ਮੀਟਰ ਬ੍ਰੈਸਟਸਟ੍ਰੋਕ SB4 ਸ਼੍ਰੇਣੀਆਂ ਵਿੱਚ ਵਿਸ਼ਵ ਦਾ ਨੰਬਰ 1 ਤੈਰਾਕ ਵੀ ਰਹਿ ਚੁੱਕਾ ਹੈ। ਉਸ ਨੇ 2018 ਦੀਆਂ ਜਕਾਰਤਾ ਏਸ਼ੀਆਈ ਪੈਰਾ ਖੇਡਾਂ ਵਿੱਚ 200 ਮੀਟਰ ਅਤੇ 50 ਮੀਟਰ ਬ੍ਰੈਸਟਸਟ੍ਰੋਕ ਵਿੱਚ ਸੋਨੇ ਦੇ ਤਗਮੇ ਜਿੱਤੇ ਸਨ। ਇਸ ਤੋਂ ਇਲਾਵਾ, ਉਸ ਨੇ 2025 ਵਿੱਚ ਰੇਕਿਆਵਿਕ ਇੰਟਰਨੈਸ਼ਨਲ ਗੇਮਜ਼ ਦੌਰਾਨ 200 ਮੀਟਰ ਬ੍ਰੈਸਟਸਟ੍ਰੋਕ ਵਿੱਚ ਨਵਾਂ ਏਸ਼ੀਆਈ ਰਿਕਾਰਡ ਬਣਾਉਂਦੇ ਹੋਏ ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਨਾਗੋਆ 2026 ਉਸ ਦੀਆਂ ਏਸ਼ੀਆਈ ਪੈਰਾ ਖੇਡਾਂ ਵਿੱਚ ਲਗਾਤਾਰ ਤੀਜੀ ਭਾਗੀਦਾਰੀ ਹੋਣੀ ਸੀ।