ਮਹਾਤਮਾ ਗਾਂਧੀ ਬੁੱਤ ਦੀ ਚੋਰੀ ਨੇ ਭਾਰਤੀ ਸਮਾਜ ਵਿੱਚ ਚਿੰਤਾ ਪੈਦਾ ਕੀਤੀ
ਆਸਟ੍ਰੇਲੀਆ ਦੇ ਮੈਲਬੌਰਨ ਦੇ ਰੋਵਿਲ ਇਲਾਕੇ ਤੋਂ ਇੱਕ ਖ਼ਬਰ ਸਾਹਮਣੇ ਆਈ ਹੈ, ਜਿਸਨੇ ਭਾਰਤੀ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ। ਆਸਟ੍ਰੇਲੀਆ ਇੰਡੀਅਨ ਕਮਿਊਨਿਟੀ ਸੈਂਟਰ ਤੋਂ ਮਹਾਤਮਾ ਗਾਂਧੀ ਦਾ ਬੁੱਤ ਚੋਰੀ ਹੋ ਗਿਆ ਹੈ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਬੁੱਤ ਭਾਰਤ ਸਰਕਾਰ ਨੇ ਤੋਹਫ਼ੇ ਵਜੋਂ ਦਿੱਤਾ ਸੀ ਅਤੇ ਇਸਦਾ ਉਦਘਾਟਨ 12 ਨਵੰਬਰ, 2021 ਨੂੰ ਆਸਟ੍ਰੇਲੀਆ ਦੇ ਤਤਕਾਲੀ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦੁਆਰਾ ਕੀਤਾ ਗਿਆ ਸੀ। ਇਸ ਮੂਰਤੀ ਨੂੰ ਭਾਰਤ-ਆਸਟ੍ਰੇਲੀਆ ਸਬੰਧਾਂ, ਅਹਿੰਸਾ ਅਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਨੌਕਸ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਚੋਰੀ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਨੇ ਮੈਲਬੌਰਨ ਦੇ ਭਾਰਤੀ-ਆਸਟ੍ਰੇਲੀਅਨ ਭਾਈਚਾਰੇ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਪੁਲਿਸ ਦੇ ਅਨੁਸਾਰ ਤਿੰਨ ਅਣਪਛਾਤੇ ਆਦਮੀਆਂ ਨੇ ਰੋਵਿਲ ਦੇ ਕਿੰਗਸਲੇ ਕਲੋਜ਼ ਵਿੱਚ ਚੈਰਿਟੀ ਦੇ ਅਹਾਤੇ ਤੋਂ ਮੂਰਤੀ ਚੋਰੀ ਕਰ ਲਈ। ਚੋਰਾਂ ਨੇ ਮੂਰਤੀ ਨੂੰ ਕੱਟਣ ਲਈ ਐਂਗਲ ਗ੍ਰਾਈਂਡਰ ਦੀ ਵਰਤੋਂ ਕੀਤੀ। ਫਿਲਹਾਲ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ।
Posted By: Daily Suraj Bureau