Daily Suraj

ਪੰਜਾਬੀ

CM Health Insurance Scheme ‘ਤੇ ਸਵਾਲ: ਰੀੜ੍ਹ ਦੀ ਹੱਡੀ ਦੇ ਇਲਾਜ ਤੋਂ ਇਨਕਾਰ

21 Feb, 2026 04:50 PM

ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੋੜਵੰਦਾਂ ਲਈ ਲਾਭਦਾਇਕ ਸਿੱਧ ਨਹੀਂ ਹੋ ਰਹੀ ਹੈ। ਕਿਸੇ ਇੱਕ ਗੰਭੀਰ ਬੀਮਾਰੀ ਦੇ ਇਲਾਜ ਲਈ ਯੋਜਨਾ ਵਿੱਚ ਮਹਿਜ 40 ਹਜ਼ਾਰ ਰੁਪਏ ਲਾਭਪਾਤਰੀਆਂ ਨੂੰ ਦੇਣ ਦੀ ਵਿਵਸਥਾ ਹੈ। ਇਸ ਗੱਲ ਦਾ ਖੁਲਾਸਾ ਹਲਕੇ ਦੇ ਪਿੰਡ ਛੋਟੇ ਕਮਾਲਕੇ ਦੀ ਔਰਤ ਰਾਜਵਿੰਦਰ ਕੌਰ ਦੇ ਇਲਾਜ ਦੌਰਾਨ ਹੋਇਆ। ਜਾਣਕਾਰੀ ਮੁਤਾਬਕ ਰਾਜਵਿੰਦਰ ਕੌਰ ਪਤਨੀ ਜਗੀਰ ਸਿੰਘ ਡੇਢ ਸਾਲ ਤੋਂ ਰੀੜ੍ਹ ਦੀ ਹੱਡੀ ਦੀ ਬੀਮਾਰੀ ਨਾਲ ਪੀੜਤ ਹੈ। ਉਹ ਪਹਿਲਾਂ ਤੋਂ ਹੀ 5 ਲੱਖ ਰੁਪਏ ਦੀ ਸਿਹਤ ਬੀਮਾ ਕਾਰਡਧਾਰਕ ਹੈ।ਕਾਰਡ ਆਪਣੇ ਆਪ ਹੀ ਅੱਪਡੇਟ ਕਰ ਦਿੱਤਾ ਗਿਆ ਹੈ। ਵੱਧਦੀ ਬੀਮਾਰੀ ਦੇ ਮੱਦੇਨਜ਼ਰ ਉਸ ਨੇ ਯੋਜਨਾ ਦਾ ਲਾਭ ਲੈਣ ਦਾ ਮਨ ਬਣਾਇਆ ਅਤੇ ਇਲਾਜ ਲਈ ਮੋਗਾ ਦੇ ਸੂਚੀਬੱਧ ਕੀਤੇ ਗਏ ਮੈਡੀਸਿਟੀ ਹਸਪਤਾਲ ਪਹੁੰਚ ਕੀਤੀ। ਪਤੀ ਜਗੀਰ ਸਿੰਘ ਮੁਤਾਬਕ ਹਸਪਤਾਲ ਪ੍ਰਬੰਧਕਾਂ ਨੇ ਕਾਰਡ ਦੇਖਦਿਆਂ ਹੀ ਇਲਾਜ ਤੋਂ ਇਹ ਕਹਿਕੇ ਟਾਲਾ ਵੱਟ ਲਿਆ ਕਿ ਇੱਥੇ ਇਹ ਇਲਾਜ ਸੰਭਵ ਨਹੀਂ ਹੈ। ਇਸ ਤੋਂ ਬਾਅਦ ਮੋਗਾ ਦੇ ਮਸ਼ਹੂਰ ਹੱਡੀਆਂ ਦੇ ਰਾਜੀਵ ਹਸਪਤਾਲ ਵਿਖੇ ਇਲਾਜ ਲਈ ਪਹੁੰਚ ਕੀਤੀ ਗਈ ਪਰ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਇਸ ਬੀਮਾਰੀ ਦਾ ਵੱਧ ਤੋਂ ਵੱਧ 40 ਹਜ਼ਾਰ ਰੁਪਏ ਦਾ ਲਾਭ ਹੀ ਮਿਲ ਸਕਦਾ ਹੈ। ਬੀਮਾਰੀ ਉੱਤੇ ਦੋ ਲੱਖ ਰੁਪਏ ਦਾ ਕੁੱਲ ਖਰਚ ਦੱਸਦੇ ਹੋਏ ਬਾਕੀ ਰਾਸ਼ੀ ਜਮ੍ਹਾਂ ਕਰਵਾਉਣ ਦਾ ਕਹਿਣ ਉੱਤੇ ਪਰਿਵਾਰ ਬੀਮਾਰ ਔਰਤ ਨੂੰ ਘਰ ਲੈ ਆਇਆ ਹੈ। ਔਰਤ ਦੇ ਪਤੀ ਜਗੀਰ ਸਿੰਘ ਨੇ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਹੈ ਅਤੇ ਆਪਣੀ ਬੀਮਾਰ ਪਤਨੀ ਦਾ ਮਹਿੰਗਾ ਇਲਾਜ ਕਰਵਾਉਣ ਤੋਂ ਅਸਮਰਥ ਹੈ।ਉਸ ਮੁਤਾਬਕ ਸਰਕਾਰ ਦੇ ਪ੍ਰਚਾਰ ਤੋਂ ਬਾਅਦ ਉਸ ਨੇ ਸਿਹਤ ਕਾਰਡ ਉੱਤੇ ਆਪਣੀ ਪਤਨੀ ਦਾ ਇਲਾਜ ਕਰਵਾਉਣ ਦਾ ਫੈਸਲਾ ਲਿਆ ਸੀ ਪਰ ਉਨ੍ਹਾਂ ਦੇ ਪੱਲੇ ਨਿਰਾਸ਼ਾ ਪਈ ਹੈ। ਹਸਪਤਾਲ ਦੇ ਪ੍ਰਬੰਧਕ ਡਾਕਟਰ ਰਾਜੀਵ ਨੇ ਦੱਸਿਆ ਕਿ ਸਰਕਾਰ ਦੀ ਨਵੀਂ ਦਸ ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਅਨੁਸਾਰ ਸਿਰਫ਼ 40 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਲਾਭਪਾਤਰੀਆਂ ਨੂੰ ਦਿੱਤੀ ਜਾਣੀ ਹੈ ਬਾਕੀ ਖਰਚ ਇਲਾਜ ਕਰਵਾਉਣ ਵਾਲੇ ਬੀਮਾਰ ਵਿਅਕਤੀ ਨੂੰ ਦੇਣਾ ਪੈਣਾ ਹੈ।

Posted By: Daily Suraj Bureau

Latest News