Daily Suraj

ਪੰਜਾਬੀ

ਨੋਵਾ ਸਕੋਸ਼ੀਆ ਵਿੱਚ ਕਾਟੇਜ ਜਾਇਦਾਦਾਂ ਦੀ ਮੰਗ ਵਧੀ

05 Sep, 2026 09:04 AM

ਕੈਨੇਡਾ ਵਿੱਚ ਕਾਟੇਜ ਜਾਇਦਾਦ ਦੀ ਮੰਡੀ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮਹਿੰਗੇ ਇਲਾਕਿਆਂ ਦੇ ਮੁਕਾਬਲੇ ਨੋਵਾ ਸਕੋਸ਼ੀਆ ਵਿੱਚ ਕਾਟੇਜ ਦੀਆਂ ਕੀਮਤਾਂ ਹਾਲੇ ਵੀ ਕਾਫ਼ੀ ਘੱਟ ਹਨ, ਜਿਸ ਕਾਰਨ ਇੱਥੇ ਖਰੀਦਦਾਰਾਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ। ਰੀਮੈਕਸ ਵੱਲੋਂ ਜਾਰੀ ਨਵੇਂ ਅੰਕੜਿਆਂ ਅਨੁਸਾਰ, ਉੱਤਰੀ ਨੋਵਾ ਸਕੋਸ਼ੀਆ ਵਿੱਚ ਕਾਟੇਜ ਦੀ ਔਸਤ ਕੀਮਤ 3 ਲੱਖ 72 ਹਜ਼ਾਰ 590 ਡਾਲਰ ਹੈ। ਇਸ ਦੇ ਮੁਕਾਬਲੇ ਸ਼ਾਰਲਟਟਾਊਨ ਵਿੱਚ ਔਸਤ ਕੀਮਤ 4 ਲੱਖ 44 ਹਜ਼ਾਰ 900 ਡਾਲਰ ਅਤੇ ਓਨਟਾਰੀਓ ਦੇ ਮਸਕੋਕਾ ਇਲਾਕੇ ਵਿੱਚ 7 ਲੱਖ 22 ਹਜ਼ਾਰ 839 ਡਾਲਰ ਹੈ। ਇਸ ਕਾਰਨ ਉੱਤਰੀ ਨੋਵਾ ਸਕੋਸ਼ੀਆ ਇਸ ਸਮੇਂ ਕਾਟੇਜ ਖਰੀਦਣ ਵਾਲਿਆਂ ਲਈ ਤੁਲਨਾਤਮਕ ਤੌਰ 'ਤੇ ਸਸਤਾ ਬਾਜ਼ਾਰ ਬਣਿਆ ਹੋਇਆ ਹੈ। ਟਰੂਰੋ ਦੇ ਰਹਿਣ ਵਾਲੇ ਡੈਨਿਸ ਮੈਕਲਿਓਡ ਪਿਛਲੇ 10 ਸਾਲਾਂ ਤੋਂ ਸੀਫੋਮ ਅਤੇ ਰਿਵਰ ਜੌਨ ਇਲਾਕੇ ਵਿੱਚ ਕਾਟੇਜ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਲਾਕੇ ਦੀ ਕੁਦਰਤੀ ਖੂਬਸੂਰਤੀ ਅਤੇ ਸਮੁੰਦਰੀ ਨਜ਼ਾਰੇ ਬੇਹੱਦ ਆਕਰਸ਼ਕ ਹਨ, ਪਰ ਵਿਕਰੀ ਲਈ ਕਾਟੇਜਾਂ ਦੀ ਗਿਣਤੀ ਘੱਟ ਹੋਣ ਕਾਰਨ ਚੋਣ ਸੀਮਤ ਹੈ। ਉਨ੍ਹਾਂ ਦਾ ਬਜਟ 2 ਤੋਂ 3 ਲੱਖ ਡਾਲਰ ਤੱਕ ਹੈ, ਪਰ ਇਸ ਕੀਮਤ ਵਿੱਚ ਮਿਲਣ ਵਾਲੀਆਂ ਕਈ ਜਾਇਦਾਦਾਂ ਨੂੰ ਮੁਰੰਮਤ ਦੀ ਲੋੜ ਹੁੰਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਹੋਰ ਹਿੱਸਿਆਂ ਵਿੱਚ ਕਾਟੇਜਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਲੋਕ ਹੁਣ ਨੋਵਾ ਸਕੋਸ਼ੀਆ ਵੱਲ ਰੁਖ ਕਰ ਰਹੇ ਹਨ। ਪਿਛਲੇ ਪੰਜ ਸਾਲਾਂ ਵਿੱਚ ਇੱਥੋਂ ਦੀਆਂ ਕਈ ਮਨੋਰੰਜਨਕ ਜਾਇਦਾਦਾਂ ਦੀਆਂ ਕੀਮਤਾਂ ਵਿੱਚ 60 ਤੋਂ 100 ਫੀਸਦੀ ਤੱਕ ਵਾਧਾ ਹੋਇਆ ਹੈ। ਇਸ ਦੇ ਬਾਵਜੂਦ ਇਹ ਜਾਇਦਾਦਾਂ ਦੇਸ਼ ਦੇ ਕਈ ਹੋਰ ਪ੍ਰਸਿੱਧ ਕਾਟੇਜ ਇਲਾਕਿਆਂ ਨਾਲੋਂ ਸਸਤੀਆਂ ਹਨ। ਮਾਹਿਰਾਂ ਮੁਤਾਬਕ ਮਹਾਮਾਰੀ ਤੋਂ ਬਾਅਦ ਕਾਟੇਜਾਂ ਦੀ ਮੰਗ ਵਿੱਚ ਵਾਧਾ ਹੋਇਆ ਸੀ, ਕਿਉਂਕਿ ਉਸ ਸਮੇਂ ਵੱਡੀ ਗਿਣਤੀ ਵਿੱਚ ਲੋਕ ਘਰੋਂ ਕੰਮ ਕਰ ਰਹੇ ਸਨ। ਹੁਣ ਘਰੋਂ ਕੰਮ ਕਰਨ ਦੇ ਮੌਕੇ ਘਟਣ ਕਾਰਨ ਕੁਝ ਲੋਕ ਇਹ ਵੀ ਸੋਚ ਰਹੇ ਹਨ ਕਿ ਮਨੋਰੰਜਕ ਜਾਇਦਾਦ ਉਨ੍ਹਾਂ ਲਈ ਕਿੰਨੀਆਂ ਲਾਭਦਾਇਕ ਹੈ। ਇਸ ਦੇ ਬਾਵਜੂਦ ਨੋਵਾ ਸਕੋਸ਼ੀਆ ਦੀ ਕੁਦਰਤੀ ਸੁੰਦਰਤਾ ਅਤੇ ਹੋਰ ਪ੍ਰੋਵਿੰਸਾਂ ਦੇ ਮੁਕਾਬਲੇ ਘੱਟ ਕੀਮਤਾਂ ਇੱਥੋਂ ਦੀ ਕਾਟੇਜ ਮੰਡੀ ਨੂੰ ਖਰੀਦਦਾਰਾਂ ਲਈ ਆਕਰਸ਼ਕ ਬਣਾਈ ਰੱਖ ਰਹੀਆਂ ਹਨ।

Posted By: Daily Suraj Bureau

Latest News